ਟੋਭਾ ਟੇਕ ਸਿੰਘ ਦਾ ਦਾਨਾ ਬੰਦਾ ‘ਟੇਕ ਸਿੰਘ’

04/24/2020 1:57:08 PM

ਜਗਬਾਣੀ ਸਾਹਿਤ ਵਿਸ਼ੇਸ਼

ਲੇਖਕ : ਬਲਦੀਪ ਸਿੰਘ ਰਾਮੂਵਾਲੀਆ

ਪੰਜਾਬ,ਪੰਜ ਦਰਿਆਵਾਂ ਦੀ ਧਰਤੀ। ਇਕ ਪਾਸੇ ਸਿੰਧ ਤੇ ਦੂਜੇ ਪਾਸੇ ਜਮਨਾ ਹੱਦ ਬੰਨਾ ਸੀ। ਅੱਜ ਦੇ ਪਾਕਿਸਤਾਨ ਦਾ ਬਹੁਤਾ ਹਿੱਸਾ ਉਦੋਂ ਅਜੇ ਵੀਰਾਨ ਤੇ ਜੰਗਲ ਨਾਲ ਭਰਿਆ ਪਿਆ ਸੀ। ਉਸ ਇਲਾਕੇ ਨੂੰ ਬਾਰ ਆਖਦੇ ਸਨ, ਜਿਵੇਂ ਕੀਰਾਨਾ ਬਾਰ, ਨੀਲੀ ਬਾਰ, ਗੰਜੀ ਬਾਰ ਆਦਿ । ਇਨ੍ਹਾਂ ਚੋਂ ਹੀ ਇਕ ਸੀ ਸਾਂਦਲ ਬਾਰ, ਜਿਸ ਵਿਚ  ਅੱਜ ਦੇ ਪਾਕਿਸਤਾਨ ਦੇ ਤਿੰਨ ਜਿਲ੍ਹੇ ਆਉਂਦੇ ਹਨ, ਫ਼ੈਸਲਾਬਾਦ (ਪੁਰਾਣਾ ਨਾਮ,ਲਾਇਲਪੁਰ ), ਝੰਗ ਅਤੇ ਟੋਭਾ ਟੇਕ ਸਿੰਘ। ਇਸ ਬਾਰ ਦੇ ਨਾਮ ਬਾਰੇ ਵਣਜਾਰਾ ਬੇਦੀ ਲਿਖਦਾ ਹੈ ਕਿ ਚਨਾਬ ਦਾ ਪੁਰਾਣਾ ਨਾਮ ਚੰਦਰਭਾਗਾ ਸੀ, ਜੋ ਸਮੇਂ ਨਾਲ ਬਦਲ ਕੇ ਚੰਦਲ ਤੇ ਉਸਤੋਂ ਸੰਦਲ ਪੈ ਗਿਆ। ਪਰ ਇਹ ਗੱਲ ਕੋਈ ਬਹੁਤੀ ਢੁਕਵੀਂ ਪ੍ਰਤੀਤ ਨਹੀਂ ਹੁੰਦੀ, ਸਗੋਂ ਇਸ ਬਾਰ ਦੇ ਬਾਰੇ ਜੋ ਦੂਸਰੀ ਮਿਥ ਪ੍ਰਚਲਿਤ ਹੈ ਉਹ ਦਿਲ ਨੂੰ ਲੱਗਦੀ ਹੈ। ਇਸ ਇਲਾਕੇ ‘ਚ ਮਸ਼ਹੂਰ ਹੈ ਕਿ ਇਸ ਬਾਰ ਦੇ ਇਲਾਕੇ ਤੇ ਕਿਸੇ ਵਕਤ ਭੱਟੀਆਂ ਚੋਂ ਸਾਂਦਲ ਭੱਟੀ ਦਾ ਕਬਜ਼ਾ ਸੀ, ਜੋ ਪੰਜਾਬ ਦੇ ਬਾਗੀ ਸ਼ੇਰ ਮਰਦ ਦੁੱਲੇ ਭੱਟੀ ਦਾ ਦਾਦਾ ਸੀ। ਉਸ ਦੇ ਨਾਮ ’ਤੇ ਹੀ ਇਸ ਇਲਾਕੇ ਦਾ ਨਾਮ ਸਾਂਦਲਬਾਰ ਪਿਆ। ਅੰਗਰੇਜ਼ਾ ਦਾ ਵਕਤ ਆਇਆ ਤਾਂ ਉਨ੍ਹਾਂ ਨੇ ਬਾਗੀਆਂ ਦੀ ਪਨਾਹਗਾਰਾਂ, ਜੋ ਇਨ੍ਹਾਂ ਬਾਰਾਂ ਵਿਚ ਸਨ ਨੂੰ ਖਤਮ ਕਰਨ ਲਈ ਜਲੰਧਰ, ਹੁਸ਼ਿਆਪੁਰ ਚੋਂ ਲੋਕਾਂ ਨੂੰ ਇਧਰ ਲਿਆ ਕੇ ਵਸਾਇਆ, ਖਾਸ ਤੌਰ ਤੇ ਫੌਜੀ ਜਾਂ ਅੰਗਰੇਜ਼ ਹਕੂਮਤ ਦੇ ਖੈਰ ਖਵਾਹ ਸਨ, ਜੋ ਉਨ੍ਹਾਂ ਨੂੰ ਇਧਰ ਮੁਰੱਬੇ ਤਕਸੀਮ ਕੀਤੇ ਗਏ ਸਰਕਾਰੀ ਖਿਦਮਤ ਬਦਲੇ। ਇਸੇ ਸਾਂਦਲ ਬਾਰ ਦੇ ਇਲਾਕੇ ਟੋਭਾ ਟੇਕ ਸਿੰਘ, ਜਿਸ ਨਾਂ ਨੂੰ ਅਧਾਰ ਬਣਾ ਕੇ ਅਫਸਾਨਿਆਂ ਦੇ ਬਾਦਸ਼ਾਹ ਸ਼ਆਦਤ ਹੰਸਨ ਮੰਟੋ ਨੇ ਕਮਾਲ ਦਾ ਮੁਲਕ ਦੀ ਵੰਡ ਬਾਰੇ ਅਫਸਾਨਾ ਵੀ ਲਿਖਿਆ ਸੀ, ਕਿਵੇਂ ਹੋਂਦ ਚ ਆਇਆ ਬਾਰੇ ਗੱਲ ਕਰਾਂਗੇ |

ਟੋਭਾ ਟੇਕ ਸਿੰਘ ਵਾਲਾ ਥਾਂ ਝੰਗ ਤੇ ਚੀਚਾ ਵਤਨੀ ਦੇ ਵਿਚ ਪੈ ਜਾਂਦਾ ਹੋਣ ਕਾਰਨ ਲੋਕਾਂ ਦੀ ਇਥੇ ਠਾਹਰ ਸੀ। ਪਸ਼ੂਆ ਦੀਆਂ ਦਸ ਬਾਰਾਂ ਚਰਾਂਦਾ ਸਨ, ਜਿਸ ਨੂੰ ਇਸ ਇਲਾਕੇ ਚ ਰਹਨਾ ਕਿਹਾ ਜਾਂਦਾ ਸੀ। ਅੰਗਰੇਜ਼ਾਂ ਵਕਤ ਰਹਨੇ ਦੀ ਨਿਗਰਾਨੀ ਲਈ ਚੌਂਕੀਦਾਰ ਰੱਖੇ ਜਾਂਦੇ ਸਨ, ਇਨ੍ਹਾ ਟੋਭਾ ਟੇਕ ਸਿੰਘ ਆਲੀਆਂ ਚਰਾਂਦਾ ਲਈ ਜੋ ਬੰਦਾ ਚੌਂਕੀਦਾਰ ਰੱਖਿਆ ਗਿਆ ਉਸਦਾ ਨਾਮ ਸੀ ‘ਸ.ਟੇਕ ਸਿੰਘ’। ਉਹ ਬਹੁਤ ਹੀ ਦਾਨਾ ਸਿੱਖ ਸੀ । ਉਸਨੂੰ ਤਿੰਨ ਰੁਪਏ ਮਹੀਨਾ ਤਨਖਾਹ ਮਿਲਦੀ ਸੀ। ਉਹ ਜਦ ਇਥੇ ਆਇਆ ਤਾਂ ਉਸਨੇ ਦੇਖਿਆ ਇਥੋਂ  ਲੰਘਣ ਆਲੇ ਮੁਸਾਫਰਾਂ ਲਈ ਕੋਈ ਨਾ ਬੈਠਣ ਲਈ ਥਾਂ ਸੀ ਤੇ ਨਾ ਪੀਣ ਲਈ ਪਾਣੀ। ਉਸਨੇ ਆਪਣੀ ਤਨਖਾਹ ‘ਚੋਂ ਕੁਝ ਪੈਸੇ ਬਚਾ ਕੇ ਛੋਲੇ ਲੈ ਆਉਣੇ ਅਤੇ ਨਾਲ ਘੜ੍ਹਿਆਂ ਚ ਪਾਣੀ ਭਰ ਕੇ ਰੱਖ ਲੈਣਾ ਤੇ ਆਏ ਗਏ ਰਾਹਗੀਰਾਂ ਨੂੰ ਜ਼ਰੂਰਤ ਅਨੁਸਾਰ ਦਾਣੇ ਤੇ ਪਾਣੀ ਛਕਾਉਣਾ ਤੇ ਆਪ ਕਹੀ ਲੈ ਥਾਂ ਪੁਟੀ ਜਾਣੀ ਜਦ ਰਾਹਗੀਰਾਂ ਪੁੱਛਣਾ, ਇਹ ਥਾਂ ਕਿਉਂ ਪੁਟ ਰਹੇ ਹੋ ਤਾਂ ਟੇਕ ਸਿੰਘ ਨੇ ਕਹਿਣਾ ਕਿ ਮੈਂ ਇਥੇ ਇਕ ਟੋਬਾ ਪੁਟ ਰਿਹਾ, ਜਿਸ ਚ ਮੀਂਹ ਦਾ ਪਾਣੀ ਜਮ੍ਹਾ ਹੋਵੇਗਾ ਤੇ ਫਿਰ ਰੁੱਖ ਲਾਵਾਂਗਾ ,ਜਿਸ ਨਾਲ ਆਸੇ ਪਾਸੇ ਹਰਿਆਲੀ ਹੋਵੇਗੀ, ਤੇ ਮੁਸਾਫਰਾਂ ਨੂੰ ਸੁਖ ਮਿਲੇਗਾ। ਉਸਦੀ ਨਿਸ਼ਕਾਮ ਸੇਵਾ ਦੇਖ ਰਾਹਗੀਰ ਵੀ ਉਸਦੀ ਮਦਦ ਕਰਦੇ,ਉਹ ਵੀ ਟੋਬੇ ਨੂੰ ਪੁਟਣ ਵਿਚ ਸਹਿਯੋਗ ਦਿੰਦੇ। ਮਿਹਨਤ ਰੰਗ ਲੈ ਆਈ ਅਤੇ ਟੋਭਾ ਪੁਟਿਆ ਗਿਆ, ਮੀਂਹ ਦਾ ਪਾਣੀ ਜਮ੍ਹਾਂ ਹੋਣ ਬਾਅਦ ਵਿਚ ਟੇਕ ਸਿੰਘ ਨੇ ਉਥੇ ਜੋ ਰੁੱਖ  ਵੀ ਲਾਏ ਸਨ ਉਹ ਵੀ ਸੋਹਣੇ ਛਾਂਦਾਰ ਬਣ ਗਏ। ਦੇਖਦਿਆਂ ਦੇਖਦਿਆਂ ਥਾਂ ਬੜ੍ਹੀ ਰਮਣੀਕ ਹੋ ਗਈ। ਲੋਕਾਂ ਇਥੇ ਆਰਾਮ ਕਰਨਾ ਅਤੇ ਇਸ ਥਾਂ ਨੂੰ ਟੇਕ ਸਿੰਘ ਦਾ ਟੋਭਾ ਕਹਿ ਕੇ ਬਲਾਉਣਾ, ਅੰਗਰੇਜ਼ ਅਧਿਕਾਰੀ ਇਧਰ ਦੀ ਲੰਘ ਰਹੇ ਸਨ ਤੇ ਉਨ੍ਹਾਂ ਨੂੰ ਇਹ ਥਾਂ ਭਾਅ ਗਈ। ਇਥੇ ਆਸੇ-ਪਾਸੇ ਦੇ ਮਾਹੌਲ ਨੂੰ ਪਸੰਦ ਕਰਦਿਆਂ , ਉਨ੍ਹਾਂ ਇਥੇ ਵਸੋਂ ਨੂੰ ਵਸਾਉਣਾ ਸ਼ੁਰੂ ਕੀਤਾ। ਅੰਗਰੇਜ਼ਾ ਦੇ ਨਹਿਰ ਕੱਢਣ ਨਾਲ ਇਹ ਇਲਾਕਾ ਉਪਜਾਊ ਹੋ ਗਿਆ। ਲੋਕ ਇਥੇ ਆ ਕੇ ਵੱਸਣ ਲੱਗੇ ਤੇ ਟੇਕ ਸਿੰਘ ਦਾ ਟੋਭਾ, ਟੋਭਾ ਟੇਕ ਸਿੰਘ ਗਰਾਂ, ਫਿਰ ਕਸਬਾ,ਤੇ ਹੁਣ ਜਿਲ੍ਹਾ ਬਣ ਸ. ਟੇਕ ਸਿੰਘ ਦੀ ਸੋਭਾ ਵਧਾ ਰਿਹਾ ਹੈ।

jasbir singh

This news is News Editor jasbir singh