ਤੰਬਾਕੂ ਖਰੀਦਣ ਦੀ ਉਮਰ ਹੱਦ 18 ਤੋਂ ਵਧਾ ਕੇ ਕੀਤੀ ਜਾ ਸਕਦੀ ਹੈ 21

07/02/2019 2:26:18 PM

ਜਲੰਧਰ (ਕਮਲੇਸ਼) : ਮੌਜੂਦਾ ਸਮੇਂ 'ਚ ਕਾਫੀ ਘੱਟ ਉਮਰ ਦੇ ਨੌਜਵਾਨ ਤੰਬਾਕੂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ। ਰਿਪੋਰਟ ਮੁਤਾਬਿਕ 35 ਫੀਸਦੀ ਨੌਜਵਾਨ 18 ਸਾਲ ਦੀ ਉਮਰ ਤੋਂ ਪਹਿਲਾਂ ਅਤੇ 70 ਫੀਸਦੀ ਨੌਜਵਾਨ 21 ਸਾਲ ਦੀ ਉਮਰ ਤੋਂ ਪਹਿਲਾਂ ਤੰਬਾਕੂ ਦਾ ਸੇਵਨ ਸ਼ੁਰੂ ਕਰ ਦਿੰਦੇ ਹਨ। ਨੌਜਵਾਨ ਪੀੜ੍ਹੀ ਸਿਗਰਟਨੋਸ਼ੀ ਨੂੰ ਸਟੇਟਸ ਸਿੰਬਲ ਸਮਝਦੀ ਹੈ ਅਤੇ ਦਿਖਾਵੇ ਲਈ ਇਸ ਨੂੰ ਸ਼ੁਰੂ ਕਰ ਕੇ ਫਿਰ ਇਸ ਦੀ ਆਦੀ ਬਣ ਜਾਂਦੀ ਹੈ। ਜਾਣਕਾਰ ਕਹਿੰਦੇ ਹਨ ਕਿ ਜੇਕਰ ਤੰਬਾਕੂ ਦਾ ਰਿਵਾਜ ਵਧਦਾ ਗਿਆ ਤਾਂ ਭਵਿੱਖ 'ਚ ਤੰਬਾਕੂ 250 ਮਿਲੀਅਨ ਲੋਕਾਂ ਦੀ ਜਾਨ ਲੈ ਲਵੇਗਾ। ਪੀ. ਜੀ. ਆਈ. ਦੇ ਡਾਕਟਰਾਂ ਨੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੋਲੋਂ ਤੰਬਾਕੂ ਨੂੰ ਖਰੀਦਣ ਦੀ ਉਮਰ ਨੂੰ 18 ਤੋਂ ਵਧਾ ਕੇ 21 ਕਰਨ ਦੀ ਮੰਗ ਕੀਤੀ ਹੈ। ਪੀ. ਜੀ. ਆਈ. 'ਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ, ਜਿਸ ਦਾ ਥੀਮ ਸੀ ਕਿ ਕਿਉਂ ਨਾ ਤੰਬਾਕੂ ਖਰੀਦਣ ਦੀ ਉਮਰ ਨੂੰ 18 ਤੋਂ ਵਧਾ ਕੇ 21 ਕਰ ਦਿੱਤਾ ਜਾਵੇ। ਡਾਕਟਰਾਂ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਦੇ ਆਧਾਰ 'ਤੇ ਬਲਬੀਰ ਸਿੰਘ ਨੇ ਭਰੋਸਾ ਦਿਵਾਇਆ ਕਿ ਇਸ ਵਿਸ਼ੇ 'ਚ ਸਖਤ ਫੈਸਲਾ ਲੈਣਗੇ ਅਤੇ ਕਾਨੂੰਨ ਦੀ ਪਾਲਣਾ ਠੀਕ ਤਰ੍ਹਾਂ ਨਾਲ ਹੋਵੇ ਇਸ ਵੱਲ ਵੀ ਧਿਆਨ ਦੇਣਗੇ।

ਤੰਬਾਕੂ ਕੰਪਨੀਆਂ ਦਾ ਮੁੱਖ ਟਾਰਗੈੱਟ ਹੁੰਦੇ ਹਨ ਨੌਜਵਾਨ
ਤੰਬਾਕੂ ਉਤਪਾਦਕ ਕੰਪਨੀਆਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਨੌਜਵਾਨ ਪੀੜ੍ਹੀ ਤੰਬਾਕੂ ਪ੍ਰੋਡਕਟਾਂ ਦਾ ਸਭ ਤੋਂ ਵੱਧ ਇਸਤੇਮਾਲ ਕਰ ਰਹੀ ਹੈ। ਅਜਿਹੇ 'ਚ ਕੰਪਨੀ ਦੇ ਪ੍ਰੋਫਿਟ ਸ਼ੇਅਰ ਨੂੰ ਵਧਾਉਣ ਲਈ ਨੌਜਵਾਨ ਕੰਪਨੀ ਦਾ ਮੁੱਖ ਟਾਰਗੈੱਟ ਹੁੰਦੇ ਹਨ। ਪਿਛਲੇ ਕੁਝ ਸਾਲਾਂ ਦੀਆਂ ਰਿਪੋਰਟਾਂ ਕਹਿੰਦੀਆਂ ਹਨ ਕਿ 18 ਸਾਲ ਤੋਂ ਘੱਟ ਉਮਰ ਦੇ 350 ਨੌਜਵਾਨ ਰੋਜ਼ਾਨਾ ਚੇਨ ਸਮੋਕਿੰਗ ਦਾ ਹਿੱਸਾ ਬਣ ਰਹੇ ਹਨ। ਅਜਿਹੇ 3 ਨੌਜਵਾਨਾਂ 'ਚੋਂ ਇਕ ਦੀ ਮੌਤ ਹੋ ਜਾਂਦੀ ਹੈ।

ਪੰਜਾਬ 'ਚ ਵਧ ਰਿਹਾ ਹੁੱਕਿਆਂ ਦਾ ਰਿਵਾਜ
ਇਨ੍ਹੀਂ ਦਿਨੀਂ ਪੰਜਾਬ 'ਚ ਹੁੱਕਿਆਂ ਦਾ ਰਿਵਾਜ ਤੇਜ਼ੀ ਨਾਲ ਵਧ ਰਿਹਾ ਹੈ। ਨੌਜਵਾਨ ਹੁੱਕਾ ਪੀਣ ਨੂੰ ਫੈਸ਼ਨ ਸਮਝ ਰਹੇ ਹਨ। ਹੁੱਕਾ ਬਾਰਾਂ 'ਤੇ ਪਾਬੰਦੀ ਹੈ, ਫਿਰ ਵੀ ਅਜਿਹੇ ਬਾਰ ਚੋਰੀ-ਛੁਪੇ ਚਲਾਏ ਜਾ ਰਹੇ ਹਨ। ਹੁੱਕਾ ਬਾਰ ਦੇ ਗਾਹਕਾਂ ਵਿਚ 40 ਫੀਸਦੀ ਨੌਜਵਾਨ 15 ਤੋਂ 20 ਦੀ ਉਮਰ ਦੇ ਹੁੰਦੇ ਹਨ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਭਰੋਸਾ ਦਿਵਾਇਆ ਹੈ ਕਿ ਪੰਜਾਬ ਵਿਚ ਅਜਿਹੇ ਹੁੱਕਾ ਬਾਰਾਂ 'ਤੇ ਕਾਰਵਾਈ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਤੰਬਾਕੂ ਵੈਂਡਰ ਦਾ ਲਾਇਸੈਂਸਸ਼ੁਦਾ ਹੋਣਾ ਯਕੀਨੀ ਬਣਾਇਆ ਜਾਵੇਗਾ।
 

Anuradha

This news is Content Editor Anuradha