ਕਿਸਾਨਾਂ ਨੂੰ ਖੁਦਕੁਸ਼ੀਆਂ ਤੋਂ ਬਚਾਉਣ ਲਈ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ : ਇਕਬਾਲ

09/23/2017 3:18:19 PM


ਮਾਨਸਾ (ਸੰਦੀਪ ਮਿੱਤਲ) - ਅੱਜ ਇੱਥੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਜ਼ਿਲਾ ਇਕਾਈ ਮਾਨਸਾ ਦੀ ਅਗਵਾਈ ਹੇਠ ਕਿਸਾਨਾਂ ਦਾ ਵੱਡਾ ਵਫਦ ਜ਼ਿਲਾ ਪ੍ਰਧਾਨ ਸੁਖਦੇਵ ਸਿੰਘ ਅਤਲਾ ਕਲਾਂ, ਜ਼ਿਲਾ ਸਕੱਤਰ ਅਮਰੀਕ ਸਿੰਘ ਫਫੜੇ ਭਾਈਕੇ ਦੀ ਅਗਵਾਈ ਵਿਚ ਐੱਸ. ਡੀ. ਐੱਮ. ਮਾਨਸਾ ਨੂੰ ਮਿਲਿਆ। ਜ਼ਿਲਾ ਪ੍ਰੈੱਸ ਸਕੱਤਰ ਇਕਬਾਲ ਸਿੰਘ ਫਫੜੇ ਭਾਈਕੇ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਮੰਗ-ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਖੁਦਕੁਸ਼ੀਆਂ ਤੋਂ ਬਚਾਉਣ ਲਈ ਇਨ੍ਹਾਂ ਸਿਰ ਚੜ੍ਹਿਆ ਸਮੁੱਚਾ ਕਰਜ਼ਾ (ਸਮੇਤ ਪ੍ਰਾਈਵੇਟ ਬੈਂਕਾਂ, ਸ਼ਾਹੂਕਾਰਾਂ ਅਤੇ ਆੜ੍ਹਤੀਆਂ ਦੇ ਕਰਜ਼ੇ) ਰੱਦ ਕੀਤੇ ਜਾਣ ਅਤੇ ਕਰਜ਼ਾ ਮੁੜ ਚੜ੍ਹਨ ਤੋਂ ਰੋਕਣ ਲਈ ਚੋਣ ਵਾਅਦਿਆਂ ਅਨੁਸਾਰ ਇਨ੍ਹਾਂ ਦੀ ਆਮਦਨ ਦੁੱਗਣੀ ਕੀਤੀ ਜਾਵੇ। ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਜਿਣਸਾਂ ਦੇ ਭਾਅ ਮਿੱਥੇ ਜਾਣ। ਸਾਰੀਆਂ ਫਸਲਾਂ ਦੇ ਮੰਡੀਕਰਨ ਦੀ ਪੱਕੀ ਗਾਰੰਟੀ ਦਿੱਤੀ ਜਾਵੇ। ਫਸਲਾਂ ਦੀਆਂ ਲਾਗਤਾਂ ਘੱਟ ਕਰਨ ਲਈ 10 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਡੀਜ਼ਲ, ਖਾਦਾਂ, ਸੰਦ, ਕੀਟਨਾਸ਼ਕ ਅਤੇ ਬੀਜਾਂ 'ਤੇ 50 ਫੀਸਦੀ ਸਬਸਿਡੀ ਦਿੱਤੀ ਜਾਵੇ। ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾਵੇ। ਖੁਦਕੁਸ਼ੀ ਕਰ ਗਏ ਕਿਸਾਨ–ਖੇਤ ਮਜ਼ਦੂਰ ਦੇ ਵਾਰਸਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ, ਉਸ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ । 60 ਸਾਲ ਦੀ ਉਮਰ ਦੇ ਹਰ ਕਿਸਾਨ-ਮਜ਼ਦੂਰ ਨੂੰ ਪ੍ਰਤੀ ਮਹੀਨਾ 3 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇ। ਕਿਸਾਨ ਨੂੰ ਘੱਟੋਂ-ਘੱਟ 5 ਹਜ਼ਾਰ ਰੁਪਏ ਪ੍ਰਤੀ ਏਕੜ ਸਹਾਇਤਾ ਦਿੱਤੀ ਜਾਵੇ। ਨਹਿਰੀ ਪਾਣੀ ਦੀ ਸਪਲਾਈ ਵਧਾਈ ਜਾਵੇ ਅਤੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਣਾ ਯਕੀਨੀ ਬਣਾਇਆ ਜਾਵੇ। ਬਿਜਲੀ ਦੀ ਸਪਲਾਈ 10 ਘੰਟੇ ਦਿੱਤੀ ਜਾਵੇ। ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨ, ਮਜ਼ਦੂਰ, ਵਿਦਿਆਰਥੀਆਂ ਅਤੇ ਕਿਰਤੀ ਲੋਕਾਂ ਉੱਪਰ ਜਬਰ ਬੰਦ ਕੀਤਾ ਜਾਵੇ ਅਤੇ ਜਥੇਬੰਦੀਆਂ ਨਾਲ ਗੱਲਬਾਤ ਕਰਕੇ, ਮੰਗਾਂ ਦਾ ਫੌਰੀ ਨਿਪਟਾਰਾ ਕੀਤਾ ਜਾਵੇ।
ਇਸ ਸਮੇਂ ਵਫਦ 'ਚ ਸੂਬਾ ਮੀਤ ਪ੍ਰਧਾਨ ਛੱਜੂ ਰਾਮ ਰਿਸ਼ੀ, ਮੇਜਰ ਸਿੰਘ ਦੁਲੋਵਾਲ ਬਲਾਕ ਪ੍ਰਧਾਨ ਮਾਨਸਾ ਆਦਿ ਹੋਰ ਮੈਂਬਰ ਹਾਜ਼ਰ ਸਨ।