ਤਿਹਾੜ ਜੇਲ ਤੋਂ 1 ਮਹੀਨੇ ਬਾਅਦ ਰਿਹਾਅ ਹੋ ਕੇ ਵਾਪਸ ਆਏ ਪਿੰਡ ਲੌਂਗੋਦੇਵਾ ਦੇ ਕਿਸਾਨਾਂ ਦਾ ਸੁਆਗਤ

02/26/2021 6:00:10 PM

ਜ਼ੀਰਾ (ਅਕਾਲੀਆਂਵਾਲਾ)– ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਕੁਝ ਹੋਰ ਸੂਬਿਆਂ ਦੇ ਕਿਸਾਨਾਂ ਵੱਲੋਂ ਵੱਖ-ਵੱਖ ਸਰਹੱਦਾਂ ’ਤੇ ਕੀਤੇ ਜਾ ਰਹੇ ਅੰਦੋਲਨ ਦੌਰਾਨ 26 ਜਨਵਰੀ ਨੂੰ ਲਾਲ ਕਿਲ੍ਹਾ ਵਿਖੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਦਿੱਲੀ ਪੁਲਸ ਵੱਲੋਂ ਵੱਡੀ ਗਿਣਤੀ ’ਚ ਪੰਜਾਬ ਦੇ ਕਿਸਾਨਾਂ ਦੇ ਖ਼ਿਲਾਫ਼ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ । ਇਨ੍ਹਾਂ ’ਚ ਤਹਿਸੀਲ ਜ਼ੀਰਾ ਦੇ ਪਿੰਡ ਲੌਗੋਦੇਵਾ ਦੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨਾਲ ਸਬੰਧਤ 2 ਨੌਜਵਾਨ ਸੁਖਰਾਜ ਸਿੰਘ ਅਤੇ ਹਰਪ੍ਰੀਤ ਸਿੰਘ ਵੀ ਸ਼ਾਮਲ ਸਨ।

ਇਨ੍ਹਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਦਿੱਲੀ ਪੁਲਸ ਵੱਲੋਂ ਤਿਹਾੜ ਜੇਲ ’ਚ ਬੰਦ ਕੀਤਾ ਗਿਆ ਸੀ ਜੋ ਕਿ ਇਕ ਮਹੀਨੇ ਬਾਅਦ ਰਿਹਾਅ ਕੀਤੇ ਜਾਣ ਉਪਰੰਤ ਅੱਜ ਆਪਣੇ ਪਿੰਡ ਲੌਂਗੋਦੇਵਾ ਵਿਖੇ ਪਹੁੰਚੇ ਜਿਥੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਇਕਾਈ ਲੌਂਗੋਦੇਵਾ ਦੇ ਪ੍ਰਧਾਨ ਜਸਪ੍ਰੀਤ ਸਿੰਘ, ਮੈਂਬਰ ਗੁਰਪ੍ਰੀਤ ਸਿੰਘ, ਸਰਪੰਚ ਕਰਮਜੀਤ ਸਿੰਘ ਗਿੱਲ ਲੌਂਗੋਦੇਵਾ, ਸਮੂਹ ਗ੍ਰਾਮ ਪੰਚਾਇਤ, ਸਵਰਨਜੀਤ ਸਿੰਘ ਗਿੱਲ ਡਾਇਰੈਕਟਰ ਪੀ. ਏ. ਡੀ. ਬੀ. ਜ਼ੀਰਾ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਗ੍ਰੰਥੀ ਬਾਬਾ ਗੁਰਦੀਪ ਸਿੰਘ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ।

ਇਸ ਦੌਰਾਨ ਸੁਖਰਾਜ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਿਸਾਨੀ ਅੰਦੋਲਨ ਦੌਰਾਨ ਵੱਖ-ਵੱਖ ਮਾਮਲਿਆਂ ’ਚ ਨਾਮਜ਼ਦ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਿਹਾੜ ਜੇਲ ’ਚ ਬੰਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਇਸ ਨੂੰ ਰੱਬ ਦਾ ਭਾਣਾ ਮੰਨ ਕੇ ਜੇਲ ’ਚ ਵੀ ਕਿਸਾਨੀ ਅੰਦੋਲਨ ’ਚੋਂ ਜੇਤੂ ਹੋ ਕੇ ਨਿਕਲਣ ਦੀਆਂ ਰੋਜ਼ ਅਰਦਾਸਾਂ ਕਰਦੇ ਹਨ । ਇਸ ਮੌਕੇ ਰਿਹਾਅ ਹੋ ਕੇ ਆਏ ਇਨ੍ਹਾਂ ਨੌਜਵਾਨਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ ਅਤੇ ਕਿਸਾਨਾਂ ਦੇ ਸੰਘਰਸ਼ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ ਗਈ ।

 

Gurminder Singh

This news is Content Editor Gurminder Singh