ਮਾਛੀਵਾੜਾ ਦੇ ਗੁਰਦੁਆਰੇ ''ਚ ਅੱਧੀ ਰਾਤੀਂ ਹੋਈ ਅਨਾਊਂਸਮੈਂਟ, ਪੈ ਗਿਆ ਰੌਲਾ

03/06/2020 3:53:20 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸ਼ਹਿਰ ਦੀ ਇੰਦਰਾ ਕਾਲੋਨੀ ਦੇ ਗੁਰਦੁਆਰਾ ਸਾਹਿਬ 'ਚ ਅੱਧੀ ਰਾਤ ਨੂੰ ਅਜਿਹੀ ਅਨਾਊਂਸਮੈਂਟ ਹੋਈ ਕਿ ਸਾਰੇ ਪਾਸੇ ਰੌਲਾ ਪੈ ਗਿਆ। ਅਨਾਊਂਸਮੈਂਟ 'ਚ ਕਿਹਾ ਗਿਆ ਕਿ ਇੱਥੇ ਚੀਤਾ ਘੁੰਮ ਰਿਹਾ ਹੈ ਅਤੇ ਲੋਕ ਆਪਣੇ ਬਚਾਅ ਲਈ ਸਾਵਧਾਨ ਰਹਿਣ ਪਰ ਚੀਤਾ ਆਉਣ ਦੀ ਖ਼ਬਰ ਅਫ਼ਵਾਹ ਹੈ ਜਾਂ ਸੱਚਾਈ, ਇਸ ਬਾਰੇ ਸਵੇਰ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਪ੍ਰਾਪਤ ਜਾਣਕਾਰੀ ਮੁਤਾਬਕ ਸ਼ਹਿਰ ਦੀ ਇੰਦਰਾ ਕਾਲੋਨੀ ਦੇ ਗੁਰਦੁਆਰਾ ਸਾਹਿਬ ਤੋਂ ਅੱਧੀ ਰਾਤ ਨੂੰ ਅਨਾਊਂਸਮੈਂਟ ਹੋਈ ਕਿ ਇਲਾਕੇ 'ਚ ਚੀਤਾ ਦੇਖਿਆ ਗਿਆ ਹੈ, ਇਸ ਲਈ ਲੋਕ ਸਾਵਧਾਨ ਰਹਿਣ।

ਦੱਸਿਆ ਜਾ ਰਿਹਾ ਹੈ ਕਿ ਇੰਦਰਾ ਕਾਲੋਨੀ ਦੇ ਨਾਲ ਹੀ ਲੱਗਦੇ ਬਿਜਲੀ ਘਰ ਨੇੜ੍ਹੇ ਅੱਧੀ ਰਾਤ ਨੂੰ ਇੱਕ ਵਿਅਕਤੀ ਨੇ ਘਰ ਨੇੜੇ ਇੱਕ ਜਾਨਵਰ ਘੁੰਮਦਾ ਦੇਖਿਆ, ਜੋ ਕਿ ਚੀਤੇ ਵਰਗਾ ਦੱਸ ਰਿਹਾ ਹੈ। ਉਸ ਵਿਅਕਤੀ ਨੇ ਆਪਣੇ ਮੋਬਾਇਲ ਰਾਹੀਂ ਕਈ ਲੋਕਾਂ ਨੂੰ ਸੁਚੇਤ ਕੀਤਾ, ਜਿਸ ਤੋਂ ਬਾਅਦ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਵੀ ਕਰਵਾ ਦਿੱਤੀ ਗਈ। ਸ਼ੁੱਕਰਵਾਰ ਸਵੇਰੇ ਜਦੋਂ ਸ਼ਹਿਰ ਦੀ ਸੰਘਣੀ ਆਬਾਦੀ ਨੇੜ੍ਹੇ ਚੀਤਾ ਆਉਣ ਦੀ ਖ਼ਬਰ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹੀ ਪਤਾ ਲੱਗਾ ਕਿ ਸਿਰਫ ਇੱਕ ਵਿਅਕਤੀ ਨੇ ਹੀ ਰੌਲਾ ਪਾਇਆ ਕਿ ਉਸ ਨੇ ਚੀਤਾ ਦੇਖਿਆ, ਜਦੋਂ ਕਿ ਬਾਕੀ ਹੋਰ ਕਿਸੇ ਵੀ ਵਿਅਕਤੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।

ਇੰਦਰਾ ਕਾਲੋਨੀ ਨੇੜ੍ਹੇ ਚੀਤਾ ਆਉਣ ਦੀ ਖ਼ਬਰ ਨੇ ਲੋਕਾਂ 'ਚ ਬੇਸ਼ੱਕ ਸਹਿਮ ਦਾ ਮਾਹੌਲ ਪੈਦਾ ਕੀਤਾ ਪਰ ਅੱਜ ਸਵੇਰੇ ਇਸ ਜਾਨਵਰ ਸਬੰਧੀ ਕੋਈ ਸੰਤੁਸ਼ਟੀਜਨਕ ਪੁਸ਼ਟੀ ਨਹੀਂ ਹੋਈ। ਇਸ ਕਾਰਨ ਇਹ ਅਫ਼ਵਾਹ ਹੈ ਜਾਂ ਸੱਚ, ਇਸ ਦੀ ਪੁਸ਼ਟੀ ਪੁਲਸ ਪ੍ਰਸਾਸ਼ਨ ਨੂੰ ਬਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਮਾਛੀਵਾੜਾ ਨੇੜ੍ਹੇ ਜੰਗਲੀ ਖੇਤਰ 'ਚ ਕੁੱਝ ਸਾਲ ਪਹਿਲਾਂ ਚੀਤਾ ਆਇਆ ਸੀ, ਜਿਸ ਨੇ ਦੋ ਵਿਅਕਤੀਆਂ ਨੂੰ ਹਮਲਾ ਕਰ ਜਖ਼ਮੀ ਕਰ ਦਿੱਤਾ ਸੀ।

Babita

This news is Content Editor Babita