ਤੇਜ਼ ਹਵਾਵਾਂ ਨਾਲ ਪਈ ਬਾਰਿਸ਼ ਨੇ ਛੇੜੀ ਠੁਰ-ਠੁਰ

02/13/2018 5:49:49 AM

ਪਟਿਆਲਾ, ਰੱਖੜਾ, (ਬਲਜਿੰਦਰ/ਰਾਣਾ)- ਬੀਤੀ ਰਾਤ ਤੋਂ ਚੱਲੀਆਂ ਤੇਜ਼ ਹਵਾਵਾਂ ਨਾਲ ਪਈ ਇਕਦਮ ਤੇਜ਼ ਬਾਰਿਸ਼ ਨੇ ਮੌਸਮ ਨੂੰ ਮੁੜ ਤੋਂ ਠੰਡਾ ਠਾਰ ਕਰ ਦਿੱਤਾ ਹੈ। ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਅੱਜ 6 ਐੱਮ. ਐੱਮ. ਬਾਰਿਸ਼ ਹੋਈ, ਜਿਸ ਕਾਰਨ ਮੁੜ ਤੋਂ ਠੁਰ-ਠੁਰ ਹੋਣ ਲੱਗ ਪਈ ਹੈ। ਪਈ ਤੇਜ਼ ਬਾਰਿਸ਼ ਕਾਰਨ ਲੋਕਾਂ ਨੂੰ ਗਰਮ ਕੱਪੜੇ ਪਾਉਣ ਲਈ ਮਜਬੂਰ ਕਰ ਦਿੱਤਾ ਹੈ। ਭਾਵੇਂ ਕਿ ਇਹ ਬਾਰਿਸ਼ ਕਣਕ ਦੀ ਫਸਲ ਲਈ ਵਧੇਰੇ ਲਾਭਦਾਇਕ ਹੈ ਪਰ ਚੱਲੀਆਂ ਤੇਜ਼ ਹਵਾਵਾਂ ਨਾਲ ਕਣਕ 'ਚ ਪਾਣੀ ਖੜ੍ਹ ਜਾਣ ਕਾਰਨ ਫਸਲ ਬੁਰੀ ਤਰ੍ਹਾਂ ਧਰਤੀ 'ਤੇ ਵਿਛ ਗਈ ਹੈ, ਜਿਸ ਨਾਲ ਕਣਕ ਦੀ ਫਸਲ 'ਚ ਪੈਦਾ ਹੋ ਰਹੇ ਕੱਚੇ ਦਾਣੇ ਨੂੰ ਵੀ ਨੁਕਸਾਨ ਪੁੱਜਣ ਦਾ ਖਤਰਾ ਬਣਿਆਂ ਹੋਇਆ ਹੈ। ਸ਼ਿਵਰਾਤਰੀ ਦੇ ਤਿਉਹਾਰ ਤੋਂ ਇਕ ਦਿਨ ਪਹਿਲਾਂ ਹੀ ਮੌਸਮ ਦੇ ਠੰਡਾ-ਠਾਰ ਹੋ ਜਾਣ ਕਾਰਨ ਸ਼ਿਵ ਭਗਤਾਂ ਵੱਲੋਂ ਮੰਦਰਾਂ ਵਿਚ ਕੀਤੀਆਂ ਤਿਆਰੀਆਂ ਨੂੰ ਭਾਵੇਂ ਕਿ ਥੋੜ੍ਹੀ ਜਿਹੀ ਬ੍ਰੇਕ ਲੱਗੀ ਹੈ ਪਰ ਪਈ ਬਾਰਿਸ਼ ਕਾਰਨ ਸ਼ਿਵ ਭਗਤਾਂ 'ਚ ਖੁਸ਼ੀ ਵੀ ਪਾਈ ਜਾ ਰਹੀ ਹੈ, ਉਥੇ ਹੀ ਮੌਸਮ ਮਾਹਿਰਾਂ ਅਨੁਸਾਰ ਇਸੇ ਤਰ੍ਹਾਂ ਰੁਕ-ਰੁਕ ਕੇ ਬਾਰਿਸ਼ ਮੰਗਲਵਾਰ ਦੀ ਸ਼ਾਮ ਤੱਕ ਪੈਣ ਦੇ ਅੰਦਾਜ਼ੇ ਲਾਏ ਜਾ ਰਹੇ ਹਨ ਅਤੇ ਤੇਜ਼ ਹਵਾਵਾਂ ਚੱਲਣ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਸੜਕਾਂ 'ਤੇ ਖੜ੍ਹਾ ਹੋਇਆ ਬਾਰਿਸ਼ ਦਾ ਪਾਣੀ 
ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ਵਿਚ ਬਾਰਿਸ਼ ਕਾਰਨ ਪਾਣੀ ਭਰ ਗਿਆ। ਸ਼ਹਿਰ ਦੇ ਪਾਸ਼ ਖੇਤਰ ਮਾਡਲ ਟਾਊਨ, ਬੱਸ ਸਟੈਂਡ ਦੇ ਕੋਲ, ਰਾਘੋਮਾਜਰਾ ਤੇ ਅਰਬਨ ਅਸਟੇਟ ਦੇ ਕਈ ਖੇਤਰਾਂ ਵਿਚ ਪਾਣੀ ਖੜ੍ਹਾ ਦੇਖਿਆ ਗਿਆ, ਜਿਸ ਤੋਂ ਸਾਫ਼ ਝਲਕਦਾ ਸੀ ਕਿ ਨਗਰ ਨਿਗਮ ਵੱਲੋਂ ਪਾਣੀ ਦੀ ਨਿਕਾਸੀ ਦੇ ਸਹੀ ਪ੍ਰਬੰਧ ਨਾ ਹੋਣ ਕਰ ਕੇ ਬਾਰਿਸ਼ ਦਾ ਪਾਣੀ ਸੜਕਾਂ 'ਤੇ ਜਮ੍ਹਾ ਹੋ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਲਗਾਤਾਰ ਦੋ ਦਿਨ ਤੇਜ਼ ਬਾਰਿਸ਼ ਪੈ ਜਾਵੇ ਤਾਂ ਨੀਵੇਂ ਖੇਤਰਾਂ ਵਾਲੇ ਘਰਾਂ ਵਿਚ ਬਾਰਿਸ਼ ਦਾ ਪਾਣੀ ਅੰਦਰ ਵੜ ਜਾਂਦਾ ਹੈ। 
ਪਾਰਾ 9 ਡਿਗਰੀ ਤੱਕ ਪਹੁੰਚਿਆ
ਐਤਵਾਰ ਨੂੰ ਪਾਰਾ 18 ਡਿਗਰੀ ਨੋਟ ਕੀਤਾ ਗਿਆ ਸੀ ਪਰ ਸੋਮਵਾਰ ਨੂੰ ਸਵੇਰੇ 4 ਵਜੇ ਤੋਂ ਅਚਾਨਕ ਰੁਕ-ਰੁਕ ਕੇ ਪੈ ਰਹੀ ਬਾਰਿਸ਼ ਨਾਲ ਪਾਰਾ 9 ਡਿਗਰੀ ਤੱਕ ਸਿਮਟ ਕੇ ਰਹਿ ਗਿਆ ਹੈ, ਜਿਸ ਨਾਲ ਠੰਡ 'ਚ ਮੁੜ ਵਾਧਾ ਦਰਜ ਕੀਤਾ ਗਿਆ ਹੈ, ਉਥੇ ਹੀ ਮੰਗਲਵਾਰ ਤੱਕ ਰੁਕ-ਰੁਕ ਕੇ ਬਾਰਿਸ਼ ਪੈਣ ਦੇ ਅੰਦਾਜ਼ੇ ਨਾਲ ਠੰਡ 'ਚ ਹੋਰ ਵਾਧਾ ਹੋਣ ਦੀਆਂ ਸੰਭਾਵਨਾਵਾਂ ਵੀ ਪ੍ਰਗਟਾਈਆਂ ਜਾ ਰਹੀਆਂ ਹਨ। 
ਫੁੱਲਾਂ ਦੀ ਖੇਤੀ ਹੋਈ ਪ੍ਰਭਾਵਿਤ
ਅਚਾਨਕ ਪਈ ਤੇਜ਼ ਬਾਰਿਸ਼ ਨਾਲ ਜੋ ਕਿਸਾਨ ਫੁੱਲਾਂ ਦੀ ਪੈਦਾਵਾਰ ਕਰਦੇ ਹਨ ਉਨ੍ਹਾਂ ਨੂੰ ਪਈ ਇਸ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਫੁੱਲਾਂ ਤੋਂ ਪੈਦਾ ਹੋਣ ਵਾਲਾ ਬੀਜ ਅਤੇ ਫੁੱਲ ਦੋਵੇਂ ਹੀ ਇਸ ਕਾਰਨ ਪ੍ਰਭਾਵਿਤ ਹੋ ਸਕਦੇ ਹਨ। 
ਵੱਖ-ਵੱਖ ਖੇਤਰਾਂ 'ਚ ਬਿਜਲੀ ਰਹੀ ਠੱਪ
ਬੀਤੀ ਰਾਤ ਤੋਂ ਚੱਲੀਆਂ ਤੇਜ਼ ਹਵਾਵਾਂ ਤੇ ਤੇਜ਼ ਬਾਰਿਸ਼ ਕਾਰਨ ਪਟਿਆਲਾ ਦੇ ਵੱਖ-ਵੱਖ ਖੇਤਰਾਂ ਵਿਚ ਬਿਜਲੀ ਠੱਪ ਰਹੀ, ਜਿਸਨੂੰ ਪਾਵਰਕਾਮ ਦੇ ਮੁਲਾਜ਼ਮ ਦਿਨ ਭਰ ਠੀਕ ਕਰਨ ਵਿਚ ਜੁਟੇ ਰਹੇ। ਪਟਿਆਲਾ ਦਾ ਸ਼ਹਿਰੀ ਖੇਤਰ, ਦਿਹਾਤੀ ਖੇਤਰ ਵਿਚ ਰੱਖੜਾ, ਧਬਲਾਨ, ਕਲਿਆਣ ਆਦਿ ਵੱਖ-ਵੱਖ ਥਾਵਾਂ 'ਤੇ ਸਵੇਰ ਤੋਂ ਬੰਦ ਪਈ ਬਿਜਲੀ ਸਪਲਾਈ ਨੂੰ ਮੁੜ ਤੋਂ ਚਾਲੂ ਕੀਤਾ ਗਿਆ।
ਰੁਕੇ ਪਾਣੀ ਨੂੰ ਚਲਦਾ ਕਰਨ ਲਈ ਮੀਂਹ 'ਚ ਡਟੇ ਸੀਨੀਅਰ ਡਿਪਟੀ ਮੇਅਰ ਯੋਗੀ 
ਪਟਿਆਲਾ, (ਜੋਸਨ)-ਅੱਜ ਪਈ ਤੇਜ਼ ਬਾਰਿਸ਼ ਕਾਰਨ ਸ਼ਹਿਰ ਦੇ ਕਈ ਖੇਤਰਾਂ 'ਚ ਰੁਕੇ ਗੰਦੇ ਪਾਣੀ ਦੀ ਸਮੱਸਿਆ ਤੋ ਲੋਕਾਂ ਨੂੰ ਬਚਾਉਣ ਲਈ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਆਪ ਮੌਕਾ ਸੰਭਾਲ ਲਿਆ ਤੇ ਸਫਾਈ ਸੇਵਕਾਂ ਦੀ ਟੀਮ ਨਾਲ ਡਟ ਕੇ ਕਈ ਘੰਟੇ ਆਪ ਲੋਕਾਂ ਦੀ ਵਰਦੇ ਮੀਂਹ 'ਚ ਸਮੱਸਿਆ ਦਾ ਹੱਲ ਕੀਤਾ, ਜਿਸ ਤੋਂ ਲੋਕ ਬੇਹੱਦ ਸੰਤੁਸ਼ਟ ਨਜ਼ਰ ਆ ਰਹੇ ਸਨ। 
ਸੀਨੀਅਰ ਡਿਪਟੀ ਮੇਅਰ ਨੇ ਪਹਿਲਾਂ ਆਪ ਵਰਦੇ ਮੀਂਹ 'ਚ ਮੋਟਰਸਾਈਕਲ 'ਤੇ ਸ਼ਹਿਰ ਦਾ ਦੌਰਾ ਕੀਤਾ ਤੇ ਇਸ ਤੋਂ ਬਾਅਦ ਸਫਾਈ ਸੇਵਕਾਂ ਦੀ ਵਿਸ਼ੇਸ਼ ਟੀਮ ਨਾਲ ਰੁਕੇ ਪਾਣੀ ਨੂੰ ਚਲਦਾ ਕਰਨ ਲਈ ਡਟ ਗਏ। ਯੋਗੀ ਨੇ ਵੱਖ-ਵੱਖ ਖੇਤਰਾਂ 'ਚ ਜਾ ਕੇ ਲੋਕਾਂ ਦੀ ਸਮੱਸਿਆਵਾਂ ਨੂੰ ਵੀ ਸੁਣਿਆ ਤੇ ਵਿਸ਼ਵਾਸ ਦਿਵਾਇਆ ਕਿ ਨਗਰ ਨਿਗਮ ਗੰਦੇ ਨਾਲਿਆਂ ਨੂੰ ਮਸ਼ੀਨਾਂ ਰਾਹੀਂ ਸਾਫ ਕਰਵਾ ਰਿਹਾ ਹੈ ਤੇ ਜਲਦ ਹੀ ਇਹੋ ਜਿਹੀਆਂ ਸਮੱਸਿਆਵਾਂ ਤੋ ਪੱਕਾ ਛੁਟਕਾਰਾ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੰਬਧੀ ਉਨ੍ਹਾਂ ਨੇ ਨਿਗਮ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿਤੇ ਹਨ ਤੇ ਉਨ੍ਹਾਂ ਨੇ ਅੱਜ ਸਾਰੀ ਸਥਿਤੀ ਨੂੰ ਪ੍ਰੈਕਟੀਕਲ ਰੂਪ ਵਿਚ ਚੈੱਕ ਕੀਤਾ ਹੈ, ਇਸ ਤੋਂ ਬਾਅਦ ਉਹ ਸਾਰੀ ਰਿਪੋਰਟ ਮਹਾਰਾਣੀ ਪ੍ਰਨੀਤ ਕੌਰ ਸੌਂਪਣਗੇ ਤੇ ਇਸ ਲਈ ਨਿਗਮ ਵਿਚ ਵਿਸ਼ੇਸ਼ ਟੀਮਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ 24 ਘੰਟੇ ਪਟਿਆਲਾ ਦੇ ਲੋਕਾਂ ਦੇ ਨੌਕਰ ਹਨ ਤੇ ਹਰ ਪਲ ਉਨ੍ਹਾਂ ਦੀ ਸੇਵਾ 'ਚ ਹਾਜ਼ਰ ਹਨ।