ਤਿੰਨ ਤਖਤਾਂ ਦੇ ਸਿੰਘ ਸਾਹਿਬਾਨ ਨੇ ਰਾਜੋਆਣਾ ਨਾਲ ਕੀਤੀ ਮੁਲਾਕਾਤ

08/21/2018 8:59:29 AM

ਪਟਿਆਲਾ (ਬਲਜਿੰਦਰ)— ਬੇਅੰਤ ਸਿੰਘ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ-ਯਾਫਤਾ ਬਲਵੰਤ ਸਿੰਘ ਰਾਜੋਆਣਾ ਨਾਲ ਬੀਤੇ ਦਿਨ ਬਾਅਦ ਦੁਪਹਿਰ ਕੇਂਦਰੀ ਜੇਲ ਪਟਿਆਲਾ ਵਿਚ 3 ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਨੇ ਮੁਲਾਕਾਤ ਕੀਤੀ। ਉਨ੍ਹਾਂ ਦੀ ਅਗਵਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਖਾਲਸਾ ਕਰ ਰਹੇ ਸਨ। ਉਨ੍ਹਾਂ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਵੀ ਸਨ। ਤਕਰੀਬਨ ਅੱਧਾ ਘੰਟਾ ਤਿੰਨੋਂ ਸਿੰਘ ਸਾਹਿਬਾਨ ਨੇ ਰਾਜੋਆਣਾ ਨਾਲ ਮੁਲਾਕਾਤ ਕੀਤੀ। ਰਾਜੋਆਣਾ ਨੇ ਉਨ੍ਹਾਂ ਨੂੰ ਇਕ ਲਿਖਤੀ ਪੱਤਰ ਵੀ ਦਿੱਤਾ ਹੈ। ਇਸ ਵਿਚ ਕੀ ਲਿਖਿਆ ਹੈ? ਇਸ ਬਾਰੇ ਅਜੇ ਤੱਕ ਕੁੱਝ ਸਪੱਸ਼ਟ ਨਹੀਂ ਹੋ ਸਕਿਆ।

ਮੁਲਾਕਾਤ ਤੋਂ ਬਾਅਦ ਬਾਹਰ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਦਾ ਜੀਵਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਹੈ। ਉਹ ਲਗਾਤਾਰ 23 ਸਾਲ ਤੋਂ ਜੇਲ ਵਿਚ ਬੰਦ ਹਨ। ਉਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰ ਸਿੰਘ ਸਾਹਿਬਾਨ ਦਾ ਜਥਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਕਈ ਵਾਰ ਮਿਲ ਵੀ ਚੁੱਕਾ ਹੈ। ਉਨ੍ਹਾਂ ਨੂੰ ਆਸ ਹੈ ਕਿ ਰਾਜੋਆਣਾ ਦੇ ਜੀਵਨ ਨੂੰ ਦੇਖਦੇ ਹੋਏ ਉਨ੍ਹਾਂ ਦੀ ਅਪੀਲ 'ਤੇ ਜਲਦੀ ਹੀ ਅਤੇ ਸਾਕਾਰਾਤਮਕ ਫੈਸਲਾ ਲਿਆ ਜਾਵੇਗਾ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਰਾਜੋਆਣਾ ਤੋਂ ਇਲਾਵਾ ਹੋਰ ਵੀ ਜਿਹੜੇ ਸਿੰਘ ਜੇਲਾਂ ਵਿਚ ਬੰਦ ਹਨ, ਉਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ।