ਡਰੋਨ ਦੀ ਮਦਦ ਨਾਲ ਸਮੱਗਲਿੰਗ ਕਰਨ ਵਾਲੇ 3 ਸਮੱਗਲਰ ਗ੍ਰਿਫ਼ਤਾਰ, 650 ਗ੍ਰਾਮ ਹੈਰੋਇਨ ਬਰਾਮਦ

02/04/2024 11:36:45 AM

ਜਲੰਧਰ (ਸ਼ੋਰੀ)- ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਉਹ ਆਪਣੀਆਂ ਚਲਾਕੀਆਂ ਖੇਡ ਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਹੈਰੋਇਨ ਦਾ ਨਸ਼ਾ ਕਰਵਾ ਕੇ ਬਰਬਾਦ ਕਰਨ ਦੀ ਨੀਤੀ ’ਤੇ ਚੱਲ ਰਿਹਾ ਹੈ। ਇਸ ਮਾਮਲੇ ’ਚ ਦਿਹਾਤੀ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ 3 ਨਸ਼ਾ ਸਮੱਗਲਰਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ, ਜੇਕਰ ਪੂਰੇ ਮਾਮਲੇ ’ਤੇ ਡੂੰਘਾਈ ਨਾਲ ਨਜ਼ਰ ਮਾਰੀਏ ਤਾਂ ਬਾਰਡਰ ’ਤੇ ਬੀ. ਐੱਸ. ਐੱਫ਼. ਦੇ ਜਵਾਨਾਂ ਦੀ ਸਖ਼ਤੀ ਦੇ ਬਾਵਜੂਦ ਵੀ ਨਸ਼ੇ ਦੀ ਸਮੱਗਲਿੰਗ ਹੋਣਾ ਸਮਝ ਤੋਂ ਬਾਹਰ ਦੀ ਗੱਲ ਹੈ।
ਦਿਹਾਤੀ ਦੇ ਸੀ. ਆਈ. ਏ. ਸਟਾਫ਼ ਨੇ ਅੰਮ੍ਰਿਤਸਰ ਬਾਰਡਰ ਨੇੜੇ ਹੈਰੋਇਨ ਦੀ ਸਮੱਗਲਿੰਗ ਦਾ ਧੰਦਾ ਕਰ ਰਹੇ 3 ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਇਸ ਮੌਕੇ ਜਲੰਧਰ ਦੇ ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ, ਐੱਸ. ਪੀ. (ਡੀ) ਜਸਰੂਪ ਕੌਰ, ​​ਡੀ. ਐੱਸ. ਪੀ. (ਡੀ) ਲਖਵੀਰ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਇੰਚਾਰਜ ਪੁਸ਼ਪਬਾਲੀ ਨੇ 3 ਨਸ਼ਾ ਸਮੱਗਲਰਾਂ ਨੂੰ 650 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।

ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸਰਹੱਦੀ ਇਲਾਕੇ ਤੋਂ ਨਸ਼ਾ ਸਮੱਗਲਰ ਜਲੰਧਰ ਸਪਲਾਈ ਕਰਨ ਲਈ ਆ ਰਹੇ ਹਨ। ਇਸ ਉਪਰੰਤ ਏ. ਐੱਸ. ਆਈ. ਪਿੱਪਲ ਸਿੰਘ ਨੇ ਪੁਲਸ ਪਾਰਟੀ ਸਮੇਤ ਬਿਧੀਪੁਰ ਚੌਂਕ ਥਾਣਾ ਮਕਸੂਦਾਂ ਨੇੜੇ ਨਾਕਾਬੰਦੀ ਕੀਤੀ। ਪੁਲਸ ਨੇ ਨਾਕੇਬੰਦੀ ਦੌਰਾਨ ਗੁਰਪ੍ਰੀਤ ਸਿੰਘ ਉਰਫ਼ ਗੋਪਾ ਪੁੱਤਰ ਗੁਰਚਰਨ ਸਿੰਘ ਵਾਸੀ ਮੁਹੱਲਾ ਗੋਪਾਲ ਨਗਰ, ਜੰਡਿਆਲਾ ਗੁਰੂ ਅੰਮਿ੍ਤਸਰ ਨੂੰ ਕਾਬੂ ਕਰਕੇ ਉਸ ਤੋਂ 100 ਗ੍ਰਾਮ ਹੈਰੋਇਨ ਬਰਾਮਦ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ। ਪੁੱਛਗਿੱਛ ਦੌਰਾਨ ਮੁਲਜ਼ਮ ਗੋਪਾ ਨੇ ਦੱਸਿਆ ਕਿ ਉਸ ਨੇ ਇਹ ਹੈਰੋਇਨ ਪਾਕਿਸਤਾਨ ਤੋਂ ਡਰੋਨ ਦੀ ਮਦਦ ਨਾਲ ਮੰਗਵਾਈ ਸੀ।

ਇਹ ਵੀ ਪੜ੍ਹੋ: ‘ਕੋਡ ਆਫ਼ ਕੰਡਕਟ’ ਨੂੰ ਧਿਆਨ ’ਚ ਰੱਖਦਿਆਂ ਪੈਂਡਿੰਗ ਕੰਮ ਨਿਪਟਾਉਣ ’ਚ ਰੁੱਝੀ ਪੰਜਾਬ ਸਰਕਾਰ

ਭਾਰਤ-ਪਾਕਿਸਤਾਨ ਸਰਹੱਦ ਨੇੜੇ ਲੋਹੇ ਦੀਆਂ ਤਾਰਾਂ ਕੋਲ ਰਸ਼ਪਾਲ ਸਿੰਘ ਉਰਫ਼ ਭਾਪਾ ਪੁੱਤਰ ਚਰਨ ਸਿੰਘ ਵਾਸੀ ਪਿੰਡ ਮੁਹਾਵਾ, ਅੰਮ੍ਰਿਤਸਰ ਦੇ ਖੇਤਾਂ ’ਚ ਪਾਕਿਸਤਾਨ ਤੋਂ 2 ਕਿੱਲੋ ਹੈਰੋਇਨ ਦੀ ਖੇਪ ਆਈ ਸੀ। ਇਸ ਦੀ ਲੋਕੇਸ਼ਨ ਪਾਕਿਸਤਾਨ ’ਚ ਬੈਠੇ ਨਸ਼ਾ ਸਮੱਗਲਰ ਸ਼ਾਹ ਨੇ ਭਾਪਾ ਨੂੰ ਦਿੱਤੀ। ਮੁਲਜ਼ਮ ਭਾਪਾ ਦੀ ਪਤਨੀ ਪਿੰਡ ਦੀ ਸਾਬਕਾ ਸਰਪੰਚ ਹੈ, ਜਿਸ ਕਾਰਨ ਉਹ ਆਸਾਨੀ ਨਾਲ ਸਰਹੱਦੀ ਇਲਾਕੇ ’ਚ ਚਲਾ ਜਾਂਦਾ ਸੀ। ਇਸ ਦੇ ਨਾਲ ਹੀ ਬੀ. ਐੱਸ. ਐੱਫ਼. ਦੇ ਜਵਾਨਾਂ ਨੂੰ ਉਸ ’ਤੇ ਸ਼ੱਕ ਨਹੀਂ ਹੋਇਆ ਤੇ ਉਕਤ ਦੋਸ਼ੀ ਇਸ ਦਾ ਫਾਇਦਾ ਉਠਾ ਕੇ ਨਸ਼ੇ ਦੀ ਸਮੱਗਲਿੰਗ ਕਰਨ ਲੱਗਾ।

ਇਸ ਦੇ ਨਾਲ ਹੀ ਰਾਜਦੀਪ ਸਿੰਘ ਉਰਫ਼ ਰਾਜਾ ਪੁੱਤਰ ਕੁਲਵੰਤ ਸਿੰਘ ਵਾਸੀ ਕੰਨੀਆਂ, ਜੋ ਕਿ ਅਟਾਰੀ ਬਾਰਡਰ ’ਤੇ ਕੁਲੀ ਦਾ ਕੰਮ ਕਰਦਾ ਹੈ, ਦਾ ਨਸ਼ਾ ਸਮੱਗਲਰਾਂ ਨਾਲ ਸਬੰਧ ਹੈ । ਐੱਸ, ਐੱਸ. ਪੀ. ਭੁੱਲਰ ਨੇ ਦੱਸਿਆ ਕਿ ਰਸ਼ਪਾਲ ਸਿੰਘ ਦੀ ਨਿਸ਼ਾਨਦੇਹੀ ’ਤੇ ਇਸ ਮਾਮਲੇ ’ਚ 550 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਸ ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਇਨ੍ਹਾਂ ਦਾ ਇਕ ਹੋਰ ਸਾਥੀ ਸੰਦੀਪ ਸਿੰਘ ਉਰਫ਼ ਭੁੱਟੀ ਪੁੱਤਰ ਮੇਜਰ ਸਿੰਘ ਹੈ, ਜੋ ਨਸ਼ਾ ਸਮੱਗਲਿੰਗ ਦਾ ਪੈਸਾ ਪਾਕਿਸਤਾਨ ਭੇਜਣ ਦਾ ਪ੍ਰਬੰਧ ਕਰਦਾ ਹੈ।

ਪੁਲਸ ਕਰੇਗੀ ਇਨ੍ਹਾਂ ਦਾ ਕਾਲਾ ਧਨ ਅਤੇ ਜਾਇਦਾਦ ਕੁਰਕ : ਡੀ. ਐੱਸ. ਪੀ. ਲਖਵੀਰ ਸਿੰਘ
ਇਸ ਸਬੰਧੀ ਡੀ. ਐੱਸ. ਪੀ. (ਡੀ) ਲਖਵੀਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ, ਸੰਦੀਪ ਸਿੰਘ ਅਤੇ ਰਸ਼ਪਾਲ ਸਿੰਘ ਮਿਲ ਕੇ ਰਸ਼ਪਾਲ ਸਿੰਘ ਵੱਲੋਂ ਠੇਕੇ ’ਤੇ ਲਏ ਖੇਤਾਂ ਦੀ ਲੋਕੇਸ਼ਨ ਸ਼ਾਹ ਵਾਸੀ ਲਾਹੌਰ ਪਾਕਿਸਤਾਨ ਨੂੰ ਭੇਜਦੇ ਸਨ। ਸ਼ਾਹ ਡਰੋਨ ਦੀ ਮਦਦ ਨਾਲ ਪਾਕਿਸਤਾਨ ਤੋਂ ਹੈਰੋਇਨ ਨੂੰ ਨਿਰਧਾਰਤ ਸਥਾਨ ’ਤੇ ਭੇਜਦਾ ਸੀ। ਇਸ ਤੋਂ ਬਾਅਦ ਗੋਪਾ, ਸੰਦੀਪ ਅਤੇ ਰਸ਼ਪਾਲ ਚਾਰਾ ਲਿਆਉਣ ਦੇ ਬਹਾਨੇ ਰੇਹੜੀ ’ਤੇ ਚਾਰੇ ਨਾਲ ਹੈਰੋਇਨ ਵੀ ਲੁਕੋ ਕੇ ਲਿਆਉਂਦੇ ਸਨ।
ਰਸ਼ਪਾਲ ਨੇ ਉਕਤ ਜ਼ਮੀਨ ਅਮਰਜੀਤ ਸਿੰਘ ਵਾਸੀ ਪਿੰਡ ਮੁਹਾਵਾ ਥਾਣਾ ਘਰਿੰਡਾ ਅੰਮ੍ਰਿਤਸਰ ਤੋਂ ਲਈ ਸੀ। ਅਮਰਜੀਤ ਪਹਿਲਾਂ ਹੀ 5 ਕਿਲੋ ਹੈਰੋਇਨ ਦੇ ਮਾਮਲੇ ’ਚ ਜੇਲ੍ਹ ’ਚ ਬੰਦ ਹੈ। ਉਸ ਦੀ ਸਲਾਹ ਨਾਲ ਉਸ ਨੂੰ ਇਸ ਤਰੀਕੇ ਨਾਲ ਹੈਰੋਇਨ ਸਪਲਾਈ ਕਰਨ ਦੀ ਆਦਤ ਪੈ ਗਈ ਸੀ। ਸੰਦੀਪ ਸਿੰਘ ਨਸ਼ਾ ਸਮੱਗਲਿੰਗ ਦਾ ਪੈਸਾ ਪਾਕਿਸਤਾਨ ਭੇਜਦਾ ਸੀ। ਗੁਰਪ੍ਰੀਤ ਖ਼ਿਲਾਫ਼ 3 ਅਪਰਾਧਿਕ ਮਾਮਲੇ ਦਰਜ ਹਨ, ਜਦਕਿ ਰਾਜਦੀਪ ਖ਼ਿਲਾਫ਼ 1 ਮਾਮਲਾ ਦਰਜ ਹੈ। ਪੁਲਸ ਨਸ਼ਾ ਸਮੱਗਲਿੰਗ ਨਾਲ ਜੁੜੇ ਕਾਲੇ ਧਨ ਅਤੇ ਪ੍ਰਾਪਰਟੀ ਨੂੰ ਅਟੈਚ ਕਰੇਗੀ।

ਇਹ ਵੀ ਪੜ੍ਹੋ:  ਕੈਨੇਡਾ 'ਚੋਂ ਆਈ ਕਬੱਡੀ ਖਿਡਾਰੀ ਤਲਵਿੰਦਰ ਦੀ ਲਾਸ਼, ਭੈਣਾਂ ਨੇ ਸਿਹਰਾ ਸਜਾ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

shivani attri

This news is Content Editor shivani attri