ਨਸ਼ੇ ਵਾਲੇ ਪਦਾਰਥਾਂ ਸਮੇਤ 3 ਵਿਅਕਤੀ ਗ੍ਰਿਫਤਾਰ

05/01/2018 3:59:09 AM

ਕਪੂਰਥਲਾ, (ਭੂਸ਼ਣ)- ਥਾਣਾ ਕੋਤਵਾਲੀ ਦੀ ਪੁਲਸ ਨੇ 3 ਵਿਅਕਤੀਆਂ ਨੂੰ ਨਸ਼ੇ ਵਾਲੇ ਪਦਾਰਥਾਂ ਤੇ ਕੈਪਸੂਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਸੰਦੀਪ ਸ਼ਰਮਾ ਦੇ ਹੁਕਮਾਂ 'ਤੇ ਜ਼ਿਲਾ ਭਰ 'ਚ ਚਲਾਈ ਜਾ ਰਹੀ ਡਰੱਗ ਵਿਰੋਧੀ ਮੁਹਿੰਮ ਤਹਿਤ ਡੀ. ਐੱਸ. ਪੀ. ਸਬ ਡਿਵੀਜ਼ਨ ਗੁਰਮੀਤ ਸਿੰਘ ਦੀ ਨਿਗਰਾਨੀ 'ਚ ਥਾਣਾ ਕੋਤਵਾਲੀ ਕਪੂਰਥਲਾ ਦੀ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਕਪੂਰਥਲਾ ਸੁਭਾਨਪੁਰ ਮਾਰਗ 'ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਜਦੋਂ ਇਕ ਸ਼ੱਕੀ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ। ਉਕਤ ਵਿਅਕਤੀ ਦੀ ਤਲਾਸ਼ੀ ਦੌਰਾਨ ਉਸ ਤੋਂ 95 ਨਸ਼ੀਲੇ ਕੈਪਸੂਲ ਬਰਾਮਦ ਹੋਏ। 
ਇਸੇ ਤਰ੍ਹਾਂ ਕੋਤਵਾਲੀ ਪੁਲਸ ਨੇ ਪਿੰਡ ਲਖਨ ਖੋਲ੍ਹੇ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਇਕ ਵਿਅਕਤੀ ਤੋਂ 110 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ । ਪੁੱਛਗਿਛ ਦੌਰਾਨ ਉਸ ਨੇ ਆਪਣਾ ਨਾਂ ਬਗਾ ਸਿੰਘ ਪੁੱਤਰ ਸੰਤਾ ਸਿੰਘ ਨਿਵਾਸੀ ਪਿੰਡ ਲਖਨ ਖੋਲ੍ਹੇ ਦੱਸਿਆ ।
ਇਕ ਹੋਰ ਮਾਮਲੇ 'ਚ ਪੁਲਸ ਨੇ ਪਿੰਡ ਪਹਾੜੀਪੁਰ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਕੁਲਦੀਪ ਸਿੰਘ ਪੁੱਤਰ ਰੂੜ ਸਿੰਘ ਨੂੰ ਕਾਬੂ ਕਰ ਕੇ ਉਸ ਤੋਂ 83 ਨਸ਼ੇ ਵਾਲੇ ਕੈਪਸੂਲ ਬਰਾਮਦ ਕੀਤੇ ਹਨ । ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।