ਵਾਹਨ ਚੋਰ ਗਿਰੋਹ ਦੇ 3 ਮੈਂਬਰ ਗ੍ਰਿਫਤਾਰ 3 ਕਾਰਾਂ ਅਤੇ 6 ਮੋਟਰਸਾਈਕਲ ਬਰਾਮਦ

02/26/2018 5:19:06 AM

ਬਠਿੰਡਾ, (ਸੁਖਵਿੰਦਰ)- ਸੀ. ਆਈ. ਏ. ਸਟਾਫ-2 ਦੀ ਟੀਮ ਨੇ ਇਕ ਵਾਹਨ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਚੋਰੀ ਦੀਆਂ 3 ਕਾਰਾਂ, 5 ਮੋਟਰਸਾਈਕਲ ਅਤੇ ਇਕ ਸਕੂਟਰ ਬਰਾਮਦ ਕੀਤੇ ਹਨ। ਗਿਰੋਹ ਦੇ 3 ਮੈਂਬਰ ਅਜੇ ਪੁਲਸ ਦੀ ਪਕੜ ਤੋਂ ਬਾਹਰ ਹਨ ਜਿਨ੍ਹੀਂ ਦੀ ਤਲਾਸ਼ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਸੀ. ਆਈ. ਏ.-2 ਦੇ ਮੁਖੀ ਤਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਮੁਲਜ਼ਮਾਂ ਗੁਰਪ੍ਰੀਤ ਸਿੰਘ ਵਾਸੀ ਤਾਮਕੋਟ, ਮੁਕਤਸਰ, ਹਰਦੀਪ ਸਿੰਘ ਸ਼ੌਂਕੀ ਵਾਸੀ ਦਬੜਾ, ਮੁਕਤਸਰ, ਰਾਜੀਵ ਕੁਮਾਰ ਵਾਸੀ ਬਠਿੰਡਾ, ਇੰਦਰਜੀਤ ਸਿੰਘ ਭਾਊ ਵਾਸੀ ਦਬੜਾ, ਮੁਕਤਸਰ, ਕਮਲਦੀਪ ਸਿੰਘ ਵਾਸੀ ਰਾਮਪੁਰਾ ਅਤੇ ਪ੍ਰਿੰਸ ਭਈਆ ਵਾਸੀ ਮੁਕਤਸਰ ਨੇ ਮਿਲ ਕੇ ਇਕ ਗਿਰੋਹ ਬਣਾਇਆ ਹੋਇਆ ਹੈ ਜੋ ਮਾਲਵਾ ਦੇ ਵੱਖ-ਵੱਖ ਜ਼ਿਲਿਆਂ ਵਿਚ ਕਾਰ ਅਤੇ ਮੋਟਰਸਾਈਕਲ ਆਦਿ ਚੋਰੀ ਕਰਦੇ ਹਨ ਅਤੇ ਉਨ੍ਹਾ ਨੂੰ ਧੋਖਾਧੜੀ ਦੇ ਅੱਗੇ ਵੇਚ ਦਿੰਦੇ ਹਨ। ਸੂਚਨਾ ਮਿਲਣ ਤੇ ਐੱਸ. ਆਈ. ਜਗਰੂਪ ਸਿੰਘ ਨੇ ਛਾਪੇਮਾਰੀ ਕਰ ਕੇ ਮੁਲਜ਼ਮਾਂ ਗੁਰਪ੍ਰੀਤ ਸਿੰਘ, ਹਰਦੀਪ ਸਿੰਘ ਅਤੇ ਰਾਜੀਵ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੇ ਉਨ੍ਹਾਂ ਨੇ ਕਬਜ਼ੇ ਵਿਚ 2 ਕਾਰਾਂ ਵਰਨਾ, 1 ਕਾਰ ਜੈਨ, 5 ਮੋਟਰਸਾਈਕਲ ਅਤੇ ਇਕ ਸਕੂਟਰੀ ਬਰਾਮਦ ਕੀਤੀ। ਮੁਲਜ਼ਮਾਂ ਨੇ ਮਢਲੀ ਪੁੱਛਗਿੱਛ ਵਿਚ ਮੰਨਿਆ ਕਿ ਉਕਤ ਵਾਹਨ ਉਨ੍ਹਾਂ ਨੇ ਬਠਿੰਡਾ, ਮੁਕਤਸਰ, ਮਲੋਟ, ਕੋਟਕਪੂਰਾ ਆਦਿ ਤੋਂ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੇ ਸਨ। ਮੁਲਜ਼ਮਾਂ ਨੇ ਉਕਤ ਜ਼ਿਲਿਆਂ ਵਿਚ ਚੋਰੀ ਦੀਆਂ 9 ਵਾਰਦਾਤਾਂ ਨੂੰ ਕਬੂਲ ਕੀਤਾ ਹੈ। ਮੁਲਜ਼ਮਾਂ ਨੂੰ ਰਿਮਾਂਡ 'ਤੇ ਲਿਆ ਜਾ ਰਿਹਾ ਹੈ ਜਿਸ ਵਿਚ ਹੋਣ ਵਾਲੀ ਪੁੱਛਗਿੱਛ ਵਿਚ ਕਈ ਹੋਰ ਵਾਰਦਾਤਾਂ ਦਾ ਵੀ ਖੁਲਾਸਾ ਹੋਣ ਦੀ ਸੰਭਾਵਨਾ ਹੈ।