ਅਮਰੀਕਾ ਤੋਂ ਚੱਲ ਰਹੇ ਨਸ਼ਾ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼, 18 ਕਿਲੋ ਹੈਰੋਇਨ ਸਣੇ 3 ਗ੍ਰਿਫ਼ਤਾਰ

07/27/2023 4:26:44 PM

ਗੁਰਦਾਸਪੁਰ (ਵਿਨੋਦ)- ਅਮਰੀਕਾ ਤੋਂ ਨਸ਼ਾ ਤਸਕਰੀ ਦੇ ਚੱਲ ਰਹੇ ਗਿਰੋਹ ਸਬੰਧੀ ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਇਕ ਔਰਤ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 18 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦੀ ਅੰਤਰਾਸ਼ਟਰੀ ਮਾਰਕੀਟ ਵਿਚ ਕੀਮਤ 90 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਗਿਰੋਹ ਤਰਨਤਾਰਨ ਇਲਾਕੇ ਤੋਂ ਪਹਿਲਾਂ ਵੀ ਪਾਕਿਸਤਾਨ ਤੋਂ ਆਈ ਚਾਰ-ਪੰਜ ਹੈਰੋਇਨ ਦੀਆਂ ਖੇਪਾਂ ਨੂੰ ਅਮਰੀਕਾ ’ਚ ਰਹਿਣ ਵਾਲੇ ਮਨਦੀਪ ਧਾਲੀਵਾਲ ਨਾਂ ਦੇ ਇਕ ਵੱਡੇ ਤਸੱਕਰ ਦੇ ਕਹਿਣ ’ਤੇ ਬਾਰਡਰ ਤੋਂ ਚੁੱਕ ਕੇ ਉਸ ਦੇ ਵੱਲੋਂ ਦੱਸੇ ਟਿਕਾਣੇ ਤੇ ਪਹੁੰਚਾ ਵੀ ਚੁੱਕੇ ਹਨ।

ਜ਼ਿਲ੍ਹਾ ਪੁਲਸ ਮੁਖੀ ਹਰੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਬਰਿਆਰ ਬਾਈਪਾਸ ਤੋਂ ਇਕ ਸੂਚਨਾ ਦੇ ਆਧਾਰ ’ਤੇ ਪਠਾਨਕੋਟ ਸਾਈਡ ਤੋਂ ਆ ਰਹੀ ਇਕ ਸਿਫਟ ਡਿਜਾਈਰ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ । ਜਿਸ ਵਿਚ ਇਕ ਔਰਤ ਸਮੇਤ ਤਿੰਨ ਵਿਅਕਤੀ ਸਵਾਰ ਸਨ। ਕਾਰ ’ਚ ਸਵਾਰ ਲੋਕਾਂ ਤੋਂ ਪੁੱਛਗਿਛ ਕਰਨ ’ਤੇ ਇਨ੍ਹਾਂ ਨੇ ਆਪਣੀ ਪਹਿਚਾਣ ਬਿਕਰਮਜੀਤ ਸਿੰਘ ਉਰਫ਼ ਵਿੱਕੀ ਪੁੱਤਰ ਸਵਰਨ ਸਿੰਘ ਵਾਸੀ ਜਖੇਪਲ ਥਾਣਾ ਧਰਮਗੜ੍ਹ ਜ਼ਿਲ੍ਹਾ ਸੰਗਰੂਰ, ਸੰਦੀਪ ਕੌਰ ਉਰਫ਼ ਹਰਮਨ ਪਤਨੀ ਪਰਮਿੰਦਰ ਸਿੰਘ ਵਾਸੀ ਮੀਮਸਾ ਥਾਣਾ ਧੂਰੀ ਜ਼ਿਲ੍ਹਾ ਸੰਗਰੂਰ ਅਤੇ ਕੁਲਦੀਪ ਸਿੰਘ ਉਰਫ਼ ਕਾਲਾ ਪੁੱਤਰ ਦਰਸ਼ਨ ਸਿੰਘ ਵਾਸੀ ਗੁੱੜਦੀ ਪੁਲਸ ਸਟੇਸ਼ਨ ਭਿੱਖੀ ਜ਼ਿਲ੍ਹਾ ਮਾਨਸਾ ਵਜੋਂ ਦੱਸੀ।

ਇਹ ਵੀ ਪੜ੍ਹੋ- ਡਰੋਨ ਖ਼ਰੀਦਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਜ਼ਿਲ੍ਹਾ ਪੁਲਸ ਮੁਖੀ ਹਰੀਸ ਕੁਮਾਰ ਨੇ ਦੱਸਿਆ ਕਿ ਵੇਖਣ ਤੋਂ ਇੰਝ ਲੱਗਦਾ ਸੀ ਕਿ ਕਾਰ ਵਿਚ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਹੈ, ਪਰ ਜਦੋਂ ਗਹਿਰਾਈ ਨਾਲ ਕਾਰ ਦੀ ਜਾਂਚ ਕੀਤੀ ਗਈ ਤਾਂ ਡਰਾਈਵਰ ਸੀਟ ਤੇ ਡਰਾਈਵਰ ਦੇ ਨਾਲ ਦੀ ਸੀਟ ਦੇ ਹੇਠਾਂ ਬਹੁਤ ਹੀ ਚੰਗੇ ਢੰਗ ਨਾਲ ਬਕਸ਼ੇ ਬਣਾਏ ਗਏ ਸਨ, ਇਨਾਂ ਬਕਸ਼ਿਆਂ ਦੀ ਜਾਂਚ ਕਰਨ 'ਤੇ 18 ਕਿੱਲੋਂ ਹੈਰੋਇਨ ਬਰਾਮਦ ਹੋਈ। ਕਾਰ 'ਚ ਇਕ ਕੈਮਰਾ ਬਰਾਮਦ ਹੋਇਆ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਇਨ੍ਹਾਂ ਤੋਂ ਪੁੱਛਗਿਛ ਤੇ ਪਤਾ ਲੱਗਾ ਕਿ ਇਹ ਦੋਸ਼ੀ ਇਹ ਹੈਰੋਇਨ ਸ਼੍ਰੀਨਗਰ ਤੋਂ ਲੈ ਕੇ ਆਏ ਹਨ ਅਤੇ ਇਨ੍ਹਾਂ ਨੇ ਦੱਸਿਆ ਕਿ ਅਮਰੀਕਾ ਵਿਚ ਬੈਠੇ ਮਨਦੀਪ ਸਿੰਘ ਦੇ ਹੁਕਮ ਅਨੁਸਾਰ ਅਸੀਂ ਇਹ ਕਾਰ ਦੀ ਚਾਬੀ ਕਿਸੇ ਅਣਪਛਾਤੇ ਵਿਅਕਤੀ ਨੂੰ ਦਿੱਤੀ ਸੀ ਅਤੇ ਉਸ ਨੇ ਹੀ ਕਾਰ ਵਿਚ ਹੈਰੋਇਨ ਰੱਖ ਕੇ ਸਾਨੂੰ ਵਾਪਸ ਕੀਤੀ ਸੀ ਅਤੇ ਅਮਰੀਕਾ ਬੈਠੇ ਮਨਦੀਪ ਧਾਲੀਵਾਲ ਦੇ ਕਹਿਣ ਤੇ ਅੰਮ੍ਰਿਤਸਰ ਵਿਚ ਬੈਠੇ ਕਿਸੇ ਨੂੰ ਪਹੁੰਚਾਉਣੀ ਸੀ।

ਇਹ ਵੀ ਪੜ੍ਹੋ- ਮੁੜ ਖੁੱਲ੍ਹਿਆ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ, ਅੱਜ 5 ਦਿਨਾਂ ਬਾਅਦ ਸ਼ੁਰੂ ਹੋਈ ਯਾਤਰਾ

ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਅਮਰੀਕਾ ਵਿਚ ਬੈਠਾ ਮਨਦੀਪ ਸਿੰਘ ਧਾਲੀਵਾਲ ਮੂਲ ਰੂਪ ਵਿਚ ਮੋਗਾ ਦਾ ਰਹਿਣ ਵਾਲਾ ਹੈ ਅਤੇ ਨਾਮੀ ਸਮੱਗਲਰ ਹੈ ਅਤੇ ਜੋ ਅਮਰੀਕਾ ਵਿਚ ਬੈਠ ਕੇ ਹੀ ਇਹ ਧੰਦਾ ਚਲਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਇਨ੍ਹਾਂ ਵਿਚੋਂ ਮਹਿਲਾ ਸੰਦੀਪ ਕੌਰ ਵਿਆਹੀ ਹੋਈ ਹੈ ਅਤੇ ਇਨ੍ਹਾਂ ਦੇ ਅਨੁਸਾਰ ਉਹ ਪਹਿਲੀ ਵਾਰ ਮੁਲਜ਼ਮਾਂ ਨਾਲ ਆਈ ਹੈ ਤਾਂ ਕਿ ਪੁਲਸ ਨੂੰ ਗੱਡੀ ਵਿਚ ਔਰਤ ਬੈਠੀ ਹੋਣ ਦੇ ਕਾਰਨ ਕੋਈ ਸ਼ੱਕ ਨਾ ਹੋਵੇ। ਉਨ੍ਹਾਂ ਦੱਸਿਆ ਕਿ ਜਿਹੜਾ ਤਿੰਨ ਮੈਂਬਰੀ ਗਿਰੋਹ ਅਸੀਂ ਕਾਬੂ ਕੀਤਾ ਹੈ, ਉਸ ਦਾ ਮੁੱਖੀ ਬਿਕਰਮਜੀਤ ਸਿੰਘ ਹੈ ਅਤੇ ਇਹ ਤਰਨਤਾਰਨ ਇਲਾਕੇ ਚੋਂ ਹੈਰੋਇਨ ਦੀਆਂ ਖੇਪਾਂ ਚੁੱਕ ਕੇ ਦਿੱਲੀ ਤੱਕ ਪਹੁੰਚਾ ਚੁੱਕਿਆ ਹੈ। ਜਦਕਿ ਗ੍ਰਿਫ਼ਤਾਰ ਦੋਸ਼ੀ ਕੁਲਦੀਪ ਸਿੰਘ ਦੇ ਖ਼ਿਲਾਫ ਸ਼ਰਾਬ ਅਤੇ ਲੜਾਈ-ਝਗੜੇ ਦੇ ਤਿੰਨ ਚਾਰ ਕੇਸ ਦਰਜ ਹਨ।

ਇਹ ਵੀ ਪੜ੍ਹੋ- 35 ਸਾਲ ਦਾ ਵਿਛੋੜਾ, ਪੁੱਤ ਨੇ ਜ਼ਿੰਦਗੀ 'ਚ ਪਹਿਲੀ ਵਾਰ ਕਿਹਾ 'ਮਾਂ', ਅੱਖਾਂ ਨਮ ਕਰੇਗੀ ਇਹ ਕਹਾਣੀ

ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੀ ਔਰਤ ਨੇ ਦੱਸਿਆ ਕਿ ਉਹ ਲਗਭਗ 15 ਦਿਨ ਪਹਿਲਾਂ ਕਰੋਸੀਆਂ ਦੇਸ਼ ਤੋਂ ਵਾਪਸ ਆਈ ਹੈ ਅਤੇ ਬਿਕਰਮਜੀਤ ਅਤੇ ਕੁਲਦੀਪ ਸਿੰਘ ਨਾਲ ਮੇਰੀ ਪਹਿਲਾਂ ਤੋਂ ਹੀ ਜਾਣ ਪਹਿਚਾਣ ਹੈ। ਐੱਸ.ਐੱਸ.ਪੀ ਦੇ ਅਨੁਸਾਰ ਇਹ ਗਿਰੋਹ ਪੁੱਛਗਿਛ ਵਿਚ ਪੂਰੀ ਤਰਾਂ ਸਹਿਯੋਗ ਨਹੀਂ ਕਰ ਰਿਹਾ ਹੈ ਅਤੇ ਇਸ ਗਿਰੋਹ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਪੁਲਸ ਰਿਮਾਂਡ ਲੈ ਕੇ ਪੁੱਛਗਿਛ ਕੀਤੀ ਜਾਵੇਗੀ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਏਗੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan