ਸੁਖਬੀਰ ਕੰਬੋਕੇ ਦੇ ਕਤਲ ਦੇ 3 ਮੁੱਖ ਦੋਸ਼ੀ ਗ੍ਰਿਫਤਾਰ

07/27/2017 6:29:00 AM

ਖਾਲੜਾ/ਭਿੱਖੀਵਿੰਡ,   (ਜ. ਬ.)-  ਪਿੰਡ ਮਾੜੀ ਕੰਬੋਕੇ ਵਿਖੇ ਕਤਲ ਹੋਏ ਨੌਜਵਾਨ ਸੁਖਬੀਰ ਸਿੰਘ ਦੀ ਮੌਤ ਦੇ ਜ਼ਿੰਮੇਵਾਰ ਮੁੱਖ ਦੋਸ਼ੀਆਂ ਨੂੰ ਪੁਲਸ ਵੱਲੋਂ ਵੱਖ-ਵੱਖ ਥਾਵਾਂ ਤੋਂ ਦਬੋਚ ਲਿਆ
ਗਿਆ ਹੈ।
ਖਾਲੜਾ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ 'ਚ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸੁਲੱਖਣ ਸਿੰਘ ਮਾਨ ਨੇ ਦੱਸਿਆ ਕਿ ਉਕਤ ਮ੍ਰਿਤਕ ਸੁਖਬੀਰ ਸਿੰਘ ਕੰਬੋਕੇ ਦੇ ਕਤਲ ਦਾ ਮੁੱਖ ਦੋਸ਼ੀ ਸੁਖਚੈਨ ਸਿੰਘ ਪੁੱਤਰ ਰਤਨ ਸਿੰਘ ਵਾਸੀ ਮਾੜੀ ਕੰਬੋਕੇ, ਸਤਨਾਮ ਸਿੰਘ ਪੁੱਤਰ ਕਰਮ ਸਿੰਘ ਵਾਸੀ ਭੈਣੀ ਮੱਸਾ ਸਿੰਘ ਅਤੇ ਜੁਗਰਾਜ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਮਾੜੀ ਕੰਬੋਕੇ ਨੂੰ ਕਾਬੂ ਕਰ ਕੇ ਮਾਣਯੋਗ ਅਦਾਲਤ 'ਚ ਪੇਸ਼ ਕਰਨ ਉਪਰੰਤ ਰਿਮਾਂਡ ਉਪਰ ਲਿਆ ਗਿਆ ਹੈ, ਜਿਸ 'ਚ ਇਨ੍ਹਾਂ ਕੋਲੋਂ ਕਤਲ ਸਮੇਂ ਵਰਤੀ ਗਈ ਰਾਈਫਲ ਅਤੇ ਇਕ ਟਰੈਕਟਰ ਕਬਜ਼ੇ 'ਚ ਲੈ ਕੇ ਦੋਸ਼ੀਆਂ ਤੋਂ ਹੋਰ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਸਬੰਧੀ ਡੀ. ਐੱਸ. ਪੀ. ਸੁਲੱਖਣ ਸਿੰਘ ਮਾਨ ਨੇ ਕਿਹਾ ਕਿ ਕਤਲ ਦੇ ਮੁੱਖ ਦੋਸ਼ੀਆਂ ਉਪਰ ਸਖਤ ਤੋਂ ਸਖਤ ਕਾਰਵਾਈ ਕਰ ਕੇ ਕੇਸ ਦਰਜ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਐੱਸ. ਐੱਚ. ਓ. ਗੁਰਚਰਨ ਸਿੰਘ, ਮੁਨਸ਼ੀ ਰੇਸ਼ਮ ਸਿੰਘ, ਏ. ਐੱਸ. ਆਈ. ਭਗਵੰਤ ਸਿੰਘ, ਛੋਟਾ ਮੁਨਸ਼ੀ ਅਰਸ਼ਦੀਪ ਸਿੰਘ ਕਲਸੀਆ ਤੇ ਹੋਰ ਵੀ ਪੁਲਸ ਮੁਲਾਜ਼ਮ ਹਾਜ਼ਰ ਸਨ।