ਤਿੰਨ ਜ਼ਿਲਿਆਂ ਦੀ ਪੁਲਸ ਨੇ ਮਾਡਰਨ ਜੇਲ ''ਚ ਚਲਾਇਆ ਸਰਚ ਅਭਿਆਨ

07/10/2017 6:40:15 AM

ਕਪੂਰਥਲਾ, (ਮਲਹੋਤਰਾ)- ਲੰਬੇ ਸਮੇਂ ਤੋਂ ਮਾਡਰਨ ਜੇਲ ਕਪੂਰਥਲਾ 'ਚੋਂ ਅਧਿਕਾਰੀਆਂ ਦੀ ਚੈਕਿੰਗ ਦੌਰਾਨ ਮੋਬਾਇਲ, ਨਸ਼ੀਲੇ ਪਾਊਡਰ ਦੀ ਬਰਾਮਦਗੀ ਨੂੰ ਲੈ ਕੇ ਐਤਵਾਰ ਨੂੰ ਤਿੰਨ ਜ਼ਿਲਿਆਂ ਦੀ ਪੁਲਸ ਪਾਰਟੀਆਂ ਤੇ 11 ਥਾਣਾ ਮੁਖੀਆਂ ਸਮੇਤ ਵੱਡੀ ਗਿਣਤੀ 'ਚ ਪੁਲਸ ਅਧਿਕਾਰੀਆਂ ਤੇ ਜਵਾਨਾਂ 'ਚ ਜਿਸ 'ਚ ਮਹਿਲਾ ਪੁਲਸ ਕਰਮਚਾਰੀ ਵੀ ਸ਼ਾਮਲ ਸਨ, ਨੇ ਜੇਲ 'ਚ ਸਰਚ ਅਭਿਆਨ ਚਲਾਇਆ। ਸਵੇਰੇ ਸ਼ੁਰੂ ਹੋਏ ਇਸ ਅਭਿਆਨ ਦੌਰਾਨ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਜੇਲ ਬੈਰਕਾਂ ਦੀ ਚੈਕਿੰਗ ਕੀਤੀ ਤੇ ਜੇਲ 'ਚ ਬੰਦ ਹਵਾਲਾਤੀਆਂ ਤੇ ਕੈਦੀਆਂ ਦੀ ਤਲਾਸ਼ੀ ਲਈ।
ਹਵਾਲਾਤੀਆਂ ਤੇ ਕੈਦੀਆਂ ਤੋਂ ਇਹ ਸਾਮਾਨ ਹੋਇਆ ਬਰਾਮਦ 
ਸਰਚ ਦੌਰਾਨ ਨਸ਼ੀਲਾ ਪਾਊਡਰ ਪੀਣ ਦੇ ਲਈ ਪ੍ਰਯੋਗ ਹੋਣ ਵਾਲੇ ਸਿਲਵਰ ਰੈਪ, ਪਾਈਪ, ਪੰਨੀ, ਚੂਨਾ ਪਾਊਡਰ, ਮੋਬਾਇਲ, ਡਾਟਾ ਕੇਬਲ ਆਦਿ ਬਰਾਮਦ ਹੋਈ। ਜੇਲ 'ਚ ਬੰਦ ਹਵਾਲਾਤੀ ਪ੍ਰਿੰਸ ਪੁੱਤਰ ਸੁਖਦੇਵ ਸਿੰਘ ਨਿਵਾਸੀ ਪਿੰਡ ਸੰਗ ਢੇਸੀਆਂ ਤੋਂ ਨਸ਼ੀਲਾ ਪਾਊਡਰ ਲਗਾ ਕੇ ਸਿਲਵਰ ਰੈਪ ਬਰਾਮਦ ਕੀਤਾ। ਦੋਸ਼ੀ ਦੇ ਖਿਲਾਫ ਥਾਣਾ ਕੋਤਵਾਲੀ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। 
ਕੀ ਕਹਿੰਦੇ ਹਨ ਡੀ. ਐੱਸ. ਪੀ. ਹੈੱਡ ਕੁਆਰਟਰ
ਡੀ. ਐੱਸ. ਪੀ. ਹੈੱਡ ਕੁਆਟਰ ਅਮਰੀਕ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲਾ ਪੁਲਸ ਕਪਤਾਨ ਸੰਦੀਪ ਕੁਮਾਰ ਸ਼ਰਮਾ, ਐੱਸ. ਪੀ. (ਡੀ.) ਜਗਜੀਤ ਸਿੰਘ ਸਰੋਆ ਦੇ ਹੁਕਮਾਂ 'ਤੇ ਇਹ ਸਰਚ ਅਭਿਆਨ ਚਲਾਇਆ ਗਿਆ ਹੈ। ਜਿਸ 'ਚ ਐੱਸ. ਪੀ. ਬਲਬੀਰ ਸਿੰਘ ਭੱਟੀ, ਡੀ. ਐੱਸ. ਪੀ. ਕਪੂਰਥਲਾ ਗੁਰਮੀਤ ਸਿੰਘ, ਐੱਸ. ਟੀ. ਐੱਫ. ਜਲੰਧਰ ਤੋਂ ਡੀ. ਐੱਸ. ਪੀ. ਸੁਰਜੀਤ ਸਿੰਘ, ਐੱਸ. ਟੀ. ਐੱਫ. ਹੁਸ਼ਿਆਰਪੁਰ ਤੋਂ ਡੀ. ਐੱਸ. ਪੀ. ਸਰਬਜੀਤ ਸਿੰਘ ਸਮੇਤ ਵੱਖ-ਵੱਖ 11 ਥਾਣਾ ਖੇਤਰਾਂ ਦੇ ਮੁੱਖੀ ਤੇ ਸਟਾਫ ਅਭਿਆਨ 'ਚ ਸ਼ਾਮਲ ਸਨ। 
ਉਨ੍ਹਾਂ ਨੇ ਦੱਸਿਆ ਕਿ ਇਸ ਅਭਿਆਨ ਨੂੰ ਇੰਨਾ ਗੁਪਤ ਰੱਖਿਆ ਗਿਆ ਸੀ ਕਿ ਕਿਸੇ ਨੂੰ ਖਬਰ ਤਕ ਨਹੀਂ ਸੀ। ਇਸ ਅਭਿਆਨ 'ਚ ਮਹਿਲਾ ਕਰਮਚਾਰੀ ਵੀ ਸ਼ਾਮਲ ਸਨ, ਜਿਸਦੀ ਅਗਵਾਈ ਇੰਸ. ਰਜਿੰਦਰ ਕੌਰ ਮੁਲਤਾਨੀ ਕਰ ਰਹੇ ਸਨ। ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਹਰਗੁਰਦੇਵ ਸਿੰਘ ਨੇ ਦੱਸਿਆ ਕਿ ਸਰਚ ਅਭਿਆਨ ਤਹਿਤ ਨਾਮਜ਼ਦ ਕੀਤੇ ਗਏ ਦੋਸ਼ੀ ਨੂੰ ਪੁੱਛਗਿੱਛ ਦੇ ਲਈ ਜੇਲ ਤੋਂ ਕਪੂਰਥਲਾ ਲਿਆਂਦਾ ਜਾਵੇਗਾ। ਇਸ ਮੌਕੇ ਐੱਸ. ਐੱਚ. ਓ. ਸਿਟੀ ਜਤਿੰਦਰਜੀਤ ਸਿੰਘ ਸਬ ਇੰਸ. ਦਰਸ਼ਨ ਲਾਲ ਸ਼ਰਮਾ, ਸਬ ਇੰਸ. ਜਸਮੇਲ ਕੌਰ, ਏ. ਐੱਸ. ਆਈ. ਦਰਸ਼ਨ ਲਾਲ ਆਦਿ ਹਾਜ਼ਰ ਸਨ। 
ਮਹਿਲਾ ਬੈਰਕਾਂ ਦੀ ਵੀ ਲਈ ਤਲਾਸ਼ੀ 
ਤਿੰਨ ਜ਼ਿਲਿਆਂ ਦੀ ਪੁਲਸ ਵਲੋਂ ਚਲਾਏ ਗਏ ਸੰਯੁਕਤ ਸਰਚ ਅਭਿਆਨ ਜਿਸ 'ਚ ਭਾਰੀ ਗਿਣਤੀ 'ਚ ਮਹਿਲਾ ਪੁਲਸ ਅਧਿਕਾਰੀਆਂ ਤੇ ਕਰਮਚਾਰੀ ਸ਼ਾਮਲ ਸਨ, ਨੇ ਜੇਲ 'ਚ ਬੰਦ ਮਹਿਲਾ ਹਵਾਲਾਤੀ ਤੇ ਕੈਦੀਆਂ ਦੀ ਬੈਰਕਾਂ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਚਾਹੇ ਪੁਲਸ ਦੇ ਹੱਥ ਕੋਈ ਸ਼ੱਕੀ ਸਾਮਾਨ ਨਹੀਂ ਲੱਗਿਆ ਪਰ ਇਸ ਸਰਚ ਅਭਿਆਨ ਨਾਲ ਜੇਲ 'ਚ ਬੰਦ ਕੈਦੀਆਂ ਤੇ ਹਵਾਲਾਤੀਆਂ 'ਚ ਪੂਰੀ ਤਰ੍ਹਾਂ ਸਹਿਮ ਪਾਇਆ ਜਾ ਰਿਹਾ ਹੈ।