20 ਟਨ ਸਰੀਆ ਤੇ ਵਾਹਨ ਖੁਰਦ-ਬੁਰਦ ਕਰਨ ''ਤੇ 3 ਗ੍ਰਿਫਤਾਰ

08/18/2017 12:30:17 AM

ਬਲਾਚੌਰ, (ਬੈਂਸ/ਬ੍ਰਹਮਪੁਰੀ)- ਪੁਲਸ ਨੇ 20 ਟਨ ਸਰੀਆ ਤੇ ਐੱਲ. ਪੀ. ਗੱਡੀ ਖੁਰਦ-ਬੁਰਦ ਕਰਨ ਦੇ ਦੋਸ਼ 'ਚ 3 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਟ੍ਰਾਂਸਪੋਰਟਰ ਜਸਵਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੀ ਟ੍ਰਾਂਸਪੋਰਟ 'ਚੋਂ ਪਵਨ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਪਿੰਡ ਕਿਸ਼ਨਪੁਰ ਥਾਣਾ ਕਾਠਗੜ੍ਹ ਟਰੱਕ 'ਚ 20 ਟਨ ਸਰੀਆ ਲੈ ਕੇ ਚੰਡੀਗੜ੍ਹ ਤੋਂ ਸ਼੍ਰੀਨਗਰ ਲਈ ਰਵਾਨਾ ਹੋਇਆ ਸੀ। ਰਸਤੇ 'ਚ ਹੀ ਟਰੱਕ ਚਾਲਕ ਸਮੇਤ ਟਰੱਕ ਤੇ ਸਰੀਆ ਕਿਤੇ ਗਾਇਬ ਹੋ ਗਿਆ।
ਪੁਲਸ ਨੇ ਜਾਂਚ ਉਪਰੰਤ ਟਰੱਕ ਚਾਲਕ ਪਵਨ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਪਿੰਡ ਕਿਸ਼ਨਪੁਰ, ਗੁਰਵੀਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਕੁਰਾਲੀ ਤੇ ਬਲਵੀਰ ਸਿੰਘ ਪੁੱਤਰ ਸਵਰਨਾ ਰਾਮ ਵਾਸੀ ਪਿੰਡ ਭਰਥਲਾ ਨੂੰ ਗ੍ਰਿਫਤਾਰ ਕਰ ਲਿਆ।
ਥਾਣਾ ਮੁਖੀ ਤੇ ਏ. ਐੱਸ. ਆਈ. ਸੋਢੀ ਸਿੰਘ ਅਨੁਸਾਰ ਐੱਲ. ਪੀ. ਗੱਡੀ 'ਤੇ ਫਾਈਨਾਂਸ ਦਾ ਕਾਫੀ ਪੈਸਾ ਬਕਾਇਆ ਸੀ ਤੇ 55 ਹਜ਼ਾਰ ਦੀਆਂ 6 ਕਿਸ਼ਤਾਂ ਹਾਲੇ ਦੇਣੀਆਂ ਸਨ। ਟਰੱਕ ਚਾਲਕ ਤੇ ਹੋਰਨਾਂ ਨੇ ਸਕੀਮ ਬਣਾਈ ਕਿ 20 ਟਨ ਸਰੀਆ ਵੇਚ ਕੇ ਟਰੱਕ ਨੂੰ ਸ਼੍ਰੀਨਗਰ 'ਚ ਜਾ ਕੇ ਕਿਤੇ ਸੁੱਟ ਦੇਣਾ ਹੈ ਤੇ ਸਰੀਆ ਵੇਚ ਕੇ 4 ਲੱਖ ਦੀ ਨਕਦੀ ਹੜੱਪਣੀ ਹੈ। ਇਸ ਉਦੇਸ਼ ਨਾਲ ਉਹ ਬਲਾਚੌਰ ਆਦਿ ਖੇਤਰਾਂ 'ਚ ਸਰੀਆ ਘੱਟ ਕੀਮਤ 'ਤੇ ਵੇਚਣ ਦੀ ਤਿਆਰੀ 'ਚ ਸਨ ਕਿ ਪੁਲਸ ਵੱਲੋਂ ਜਾਲ ਵਿਛਾ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ।