ਗੈਰ-ਕਾਨੂੰਨੀ ਤਰੀਕੇ ਨਾਲ ਪਟਾਕੇ ਵੇਚਣ ਦੇ ਦੋਸ਼ ''ਚ ਤਿੰਨ ਕਾਬੂ

10/24/2018 3:24:09 AM

ਅੰਮ੍ਰਿਤਸਰ (ਬੌਬੀ)— ਥਾਣਾ ਬੀ ਡਿਵੀਜ਼ਨ ਸਬ ਇੰਸਪੈਕਟਰ ਜਰਨੈਲ ਸਿੰਘ ਨੇ ਛਾਪੇਮਾਰੀ ਦੌਰਾਨ ਵੱਖ-ਵੱਖ ਵਿਅਕਤੀਆਂ ਤੋਂ ਪਟਾਕੇ ਬਰਾਮਦ ਕਰ ਐਕਸਪਲੋਸਿਵ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਸਰਕਾਰ ਵੱਲੋਂ ਸ਼ਹਿਰ ਦੇ ਅੰਦਰ ਪਟਾਕੇ ਵੇਚਣ 'ਤੇ ਪਾਬੰਦੀ ਲਗਾਈ ਗਈ ਹੈ ਤਾਂ ਜੋ ਪਟਾਕਿਆਂ ਕਾਰਨ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। ਕਾਫੀ ਸਾਲ ਪਹਿਲਾਂ ਸਰਕਾਰ ਵੱਲੋਂ ਸ਼ਹਿਰ ਤੋਂ ਦੂਰ ਪਟਾਕਾ ਮਾਰਕੀਟ ਬਣਾਈ ਗਈ ਸੀ ਪਰ ਸਮਾਂ ਲੰਘਣ ਦੇ ਨਾਲ-ਨਾਲ ਇਹ ਮਾਰਕੀਟ ਸ਼ਹਿਰ ਦੇ ਅੰਦਰ ਆ ਗਈ। ਇਹੀ ਕਾਰਨ ਸੀ ਕਿ ਪ੍ਰਸ਼ਾਸਨ ਨੇ ਕੁਝ ਸਮਾਂ ਪਹਿਲਾਂ ਇਥੇ ਪਟਾਕੇ ਵੇਚਣ 'ਤੇ ਪਾਬੰਦੀ ਲਗਾ ਦਿੱਤੀ ਸੀ।
ਪਟਾਕਾ ਮਾਰਕੀਟ ਨਾਲ ਲੱਗਦੀ ਜਹਾਜ਼ਗੜ੍ਹ ਮਾਰਕੀਟ 'ਚ 12 ਸਤੰਬਰ ਨੂੰ ਪੁਰਾਣੇ ਟਾਇਰਾਂ ਦੇ ਗੋਦਾਮ 'ਚ ਰਾਤ ਨੂੰ ਅੱਗ ਲੱਗ ਗਈ ਸੀ। ਦੇਖਦਿਆਂ ਹੀ ਦੇਖਦਿਆਂ ਇਹ ਅੱਗ ਇੰਨੀ ਭਿਆਨਕ ਹੋ ਗਈ ਸੀ ਕਿ 4000 ਗਜ ਖੇਤਰ 'ਚ ਫੈਲ ਗਈ ਸੀ। ਅੱਗ 'ਤੇ ਕਾਬੂ ਪਾਉਣ ਲਈ 50 ਤੋਂ ਜ਼ਿਆਦਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਸਨ ਤੇ ਇਸ 'ਤੇ ਕਾਬੂ ਪਾਉਣ ਲਈ 8 ਘੰਟੇ ਦਾ ਸਮਾਂ ਲੱਗਾ ਸੀ। ਇਸ ਘਟਨਾ 'ਚ ਕਰੀਬ ਢੇਡ ਕਰੋੜ ਦਾ ਨੁਕਸਾਨ ਹੋਣ ਦਾ ਅੰਦਾਜਾ ਲਗਾਇਆ ਗਿਆ ਸੀ।
ਇਸੇ ਮਾਰਕੀਟ ਨਾਲ ਪਟਾਕਾ ਮਾਰਕੀਟ ਹੈ ਜਿਥੇ ਪਟਾਕਾ ਵਪਾਰੀ ਪਾਬੰਦੀ ਹੋਣ ਦੇ ਬਾਵਜੂਦ ਚੋਰੀ ਚੋਰੀ ਪਟਾਕੇ ਵੇਚਣ ਦਾ ਕੰਮ ਕਰ ਰਹੇ ਸਨ। ਥਾਣਾ ਬੀ ਡਿਵੀਜ਼ਨ ਦੇ ਏ.ਐੱਸ.ਆਈ. ਨੂੰ ਗੁੱਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਪਟਾਕਾ ਮਾਰਕੀਟ ਗੈਰ-ਕਾਨੂੰਨੀ ਤਰੀਕੇ ਨਾਲ ਪਟਾਕੇ ਵੇਚ ਰਹੇ ਹਨ। ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਸੁਰੇਂਦਰ ਉਰਫ ਲਾਲਾ ਪੁੱਤਰ ਰਾਜੇਂਦਰ ਪ੍ਰਸਾਦ ਨਿਵਾਸੀ ਨਿਵੀਂ ਗਲੀ ਪੁਰਾਣੀ ਲੱਕੜ ਮੰਡੀ ਅੰਮ੍ਰਿਤਸਰ ਤੇ ਸਚਿਨ ਹਰੀਸ਼ ਦੁਆ ਉਰਫ ਕੁਕੂ ਪੁੱਤਰ ਲਾਲਚੰਦ ਨਿਵਾਸੀ ਐੱਨਕਲੇਵ ਜੀ.ਟੀ. ਰੋਡ ਅੰਮ੍ਰਿਤਸਰ, ਨਵਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਨਿਵਾਸੀ ਪੁਰਾਣਾ ਜਵਾਹਰ ਨਗਰ ਅੰਮ੍ਰਿਤਸਰ ਪ੍ਰੀਤਪਾਲ ਸਿੰਘ ਉਰਫ ਲਵਲੀ ਪੁੱਤਰ ਅਵਤਾਰ ਸਿੰਘ ਸਵਾਗ ਮੰਡੀ ਅੰਮ੍ਰਿਤਸਰ ਨੂੰ ਪਟਾਕੇ ਵੇਚਣ ਦੇ ਦੋਸ਼ 'ਚ ਕਾਬੂ ਕਰ ਧਮਾਕੇ ਵਾਲੇ ਪਟਾਕਿਆਂ ਸਣੇ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ 'ਤੇ ਮੰਗਲਵਾਰ ਦੇਰ ਰਾਤ ਕਰੀਬ 1:40 ਮਿੰਟ 'ਤੇ ਮਾਮਲਾ ਦਰਜ ਕੀਤਾ ਗਿਆ।