ਮੌਲਵੀ ਨੂੰ ਦਿੱਤੀਆਂ ਮਾਰ ਦੇਣ ਦੀਆਂ ਧਮਕੀਆਂ

07/06/2017 6:20:06 PM

ਖਡੂਰ ਸਾਹਿਬ - ਪਿੰਡ ਜਵੰਦਪੁਰ ਵਿਖੇ ਮਸਜਿਦ ਦੀ ਸੇਵਾ-ਸੰਭਾਲ ਕਰਦੇ ਮੌਲਵੀ ਮੁਹੱਬਤ ਮੇਹਰਬਾਨ ਨੇ ਦੱਸਿਆ ਕਿ ਸ਼ਾਦੀ ਰਾਮ ਵਾਸੀ ਵੈਰੋਵਾਲ, ਤਨਵੀਰ ਹਸਨ ਵਾਸੀ ਘੜਕਾ ਚੰਬਾ, ਰਜਿੰਦਰ ਸਿੰਘ ਮੀਆਂਵਿੰਡ ਤੇ 4 ਹੋਰ ਅਣਪਛਾਤੇ ਵਿਅਕਤੀਆਂ ਨੇ ਰਾਤ ਸਮੇਂ ਜਦੋਂ ਬਿਜਲੀ ਬੰਦ ਹੋਣ ਕਾਰਨ ਮੇਰੇ ਘਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਬੰਦ ਸਨ, ਮੇਰੇ ਘਰ ਆ ਕੇ ਮਸਜਿਦ ਛੱਡ ਕੇ ਭੱਜ ਜਾਣ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਨਹੀਂ ਤਾਂ ਅਸੀਂ ਤੈਨੂੰ ਮਾਰ ਦੇਵਾਂਗੇ।
ਉਨ੍ਹਾਂ ਦੱਸਿਆ ਕਿ ਸ਼ਾਦੀ ਰਾਮ ਨਾਲ ਮੇਰਾ ਇਕ ਕੇਸ ਮਾਣਯੋਗ ਅਦਾਲਤ ਵਿਚ ਚੱਲਦਾ ਸੀ, ਜੋ ਸ਼ਾਦੀ ਰਾਮ ਹਾਰ ਗਿਆ ਤੇ ਹੁਣ ਉਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਕਰਨ ਲੱਗ ਪਿਆ ਹੈ। ਇਸ ਤੋਂ ਪਹਿਲਾਂ ਵੀ ਉਕਤ ਵਿਅਕਤੀਆਂ ਨੇ ਮੇਰੇ ਬੱਚੇ ਅਗਵਾ ਕਰਨ ਦੀਆਂ ਧਮਕੀਆਂ ਦਿੱਤੀਆਂ ਸਨ ਤੇ ਹੁਣ ਮੈਨੂੰ ਫਿਰ ਤੰਗ-ਪ੍ਰੇਸ਼ਾਨ ਕਰ ਰਹੇ ਹਨ, ਜਿਸ ਦੀ ਮੈਂ ਸੰਬੰਧਿਤ ਪੁਲਸ ਥਾਣਾ ਵੈਰੋਵਾਲ ਵਿਖੇ ਲਿਖਤੀ ਦਰਖਾਸਤ ਦਿੱਤੀ ਹੈ। ਮੌਲਵੀ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਆਪਣੀ ਤੇ ਬੱਚਿਆਂ ਦੀ ਹਿਫਾਜ਼ਤ ਦੀ ਅਪੀਲ ਕੀਤੀ।
ਇਸ ਸਬੰਧੀ ਉਕਤ ਵਿਅਕਤੀਆਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨੂੰ ਕੋਈ ਧਮਕੀ ਨਹੀਂ ਦਿੱਤੀ, ਸਾਡੇ ਉਪਰ ਝੂਠੇ ਦੋਸ਼ ਲਾਏ ਜਾ ਰਹੇ ਹਨ, ਜਿਸ ਦੀ ਜਾਂਚ ਕਰ ਕੇ ਝੂਠ ਬੋਲਣ ਵਾਲੇ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮਾਮਲੇ ਦੀ ਪੜਤਾਲ ਕਰ ਰਹੇ ਪੁਲਸ ਥਾਣਾ ਵੈਰੋਵਾਲ ਦੇ ਏ. ਐੱਸ. ਆਈ. ਹੀਰਾ ਸਿੰਘ ਨੇ ਕਿਹਾ ਕਿ ਪੜਤਾਲ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।