ਸਾਵਧਾਨ! ਹਾਲੇ ਟਲਿਆ ਨਹੀਂ ਹੈ ਕੋਰੋਨਾ ਦਾ ਖ਼ਤਰਾ, ਸੂਬੇ ''ਚ ਦੂਜੀ ਲਹਿਰ ਆਉਣ ਦਾ ਖਦਸ਼ਾ

11/13/2020 4:34:03 PM

ਚੰਡੀਗੜ੍ਹ (ਐੱਚ. ਸੀ. ਸ਼ਰਮਾ) : ਮੌਸਮ 'ਚ ਬਦਲਾਅ, ਵੱਖ-ਵੱਖ ਗਤੀਵਿਧੀਆਂ ਦੇ ਖੁੱਲ੍ਹ ਜਾਣ, ਤਿਉਹਾਰਾਂ ਦੇ ਸੀਜ਼ਨ ਅਤੇ ਲੋਕਾਂ ਵਲੋਂ ਲਾਪਰਵਾਹੀ ਵਰਤਣ ਦੇ ਨਾਲ-ਨਾਲ ਸਿਹਤ ਮਹਿਕਮੇ ਵਲੋਂ ਰੋਜ਼ਾਨਾ ਕੀਤੇ ਜਾਣ ਵਾਲੇ ਟੈਸਟਾਂ ਦੀ ਗਿਣਤੀ ਵਿਚ ਕਮੀ ਦੇ ਕਾਰਣ ਕੋਰੋਨਾ ਦੇ ਮਾਮਲੇ ਫਿਰ ਤੋਂ ਵਧਣ ਲੱਗੇ ਹਨ। ਇਸ ਕਾਰਣ ਸੂਬੇ 'ਚ ਕੋਰੋਨਾ ਦੀ ਦੂਜੀ ਲਹਿਰ ਆਉਣ ਦਾ ਖਦਸ਼ਾ ਵਧ ਗਿਆ ਹੈ। ਦਿੱਲੀ 'ਚ ਆਈ ਕੋਰੋਨਾ ਦੀ ਤੀਜੀ ਲਹਿਰ ਨੂੰ ਖ਼ਤਰਨਾਕ ਮੰਨਿਆ ਜਾ ਰਿਹਾ ਹੈ। ਉਥੇ ਹੀ, ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਦਰਜ ਹੋਣ ਕਾਰਣ ਸੂਬਾ ਸਰਕਾਰ ਨੇ ਸਕੂਲਾਂ ਸਮੇਤ ਸਾਰੇ ਵਿੱਦਿਅਕ ਅਦਾਰਿਆਂ ਨੂੰ 15 ਦਿਨਾ ਲਈ ਫਿਰ ਬੰਦ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਹਾਲੇ ਹਾਲਾਤ ਤੋਂ ਸਬਕ ਨਹੀਂ ਲਿਆ ਹੈ ਅਤੇ ਹੋਟਲਾਂ ਦੇ ਮੈਅਖਾਨਿਆਂ ਨੂੰ ਖ਼ੋਲ੍ਹਣ ਦਾ ਫੈਸਲਾ ਲੈ ਲਿਆ ਹੈ। ਹਾਲਾਂਕਿ ਮੁੱਖ ਮੰਤਰੀ ਸਮੇਤ ਕਈ ਕੈਬਨਿਟ ਮੰਤਰੀ ਲੋਕਾਂ ਨੂੰ ਕੋਰੋਨਾ ਪ੍ਰੋਟੋਕਾਲ ਨੂੰ ਫਾਲੋਅ ਕਰਨ ਦੀ ਅਪੀਲ ਕਰਦੇ ਰਹੇ ਹਨ ਪਰ 7 ਕੈਬਨਿਟ ਮੰਤਰੀ ਸਮੇਂ-ਸਮੇਂ 'ਤੇ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ। ਖ਼ੁਦ ਮੁੱਖ ਮੰਤਰੀ 2 ਵਾਰ ਖੁਦ ਨੂੰ ਇਕਾਂਤਵਾਸ ਵਿਚ ਰੱਖ ਚੁੱਕੇ ਹਨ।

ਇਹ ਵੀ ਪੜ੍ਹੋ : ਲੁਧਿਆਣਾ-ਚੰਡੀਗੜ੍ਹ ਹਾਈਵੇਅ ਲਈ ਜ਼ਮੀਨ ਐਕਵਾਇਰ ਕਰਨ ਦਾ ਮਾਮਲੇ 'ਚ ਹਾਈ ਕੋਰਟ ਨੇ ਲਗਾਇਆ ਸਟੇਅ

ਰੋਜ਼ਾਨਾ ਕੋਰੋਨਾ ਟੈਸਟਾਂ 'ਚ ਆਈ ਕਮੀ, ਮੁੱਖ ਮੰਤਰੀ ਨੂੰ ਦੇਣੇ ਪਏ ਨਿਰਦੇਸ਼
ਸੂਬੇ 'ਚ ਕੋਰੋਨਾ ਮਾਮਲਿਆਂ 'ਚ ਦਰਜ ਕੀਤੇ ਜਾ ਰਹੇ ਵਾਧੇ ਨੂੰ ਵੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਉੱਚ ਪੱਧਰੀ ਬੈਠਕ ਵਿਚ ਸਥਿਤੀ ਦਾ ਜਾਇਜ਼ਾ ਲਿਆ। ਪਿਛਲੇ ਮਹੀਨਿਆਂ ਵਿਚ 30,000 ਟੈਸਟ ਰੋਜ਼ਾਨਾ ਕਰਨ ਦੀ ਸਮਰੱਥਾ ਦਾ ਦਾਅਵਾ ਕਰਨ ਵਾਲੇ ਸਿਹਤ ਮਹਿਕਮੇ ਨੇ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਦੌਰਾਨ ਸਿਰਫ਼ 2 ਦਿਨਾਂ 'ਚ 20,000 ਦਾ ਅੰਕੜਾ ਛੂਹਿਆ। 2 ਨਵੰਬਰ ਨੂੰ ਜਿੱਥੇ ਸਿਰਫ਼ 9556 ਸੈਂਪਲ ਲਏ ਗਏ, ਉੱਥੇ ਹੀ 9 ਨਵੰਬਰ ਨੂੰ ਇਹ ਅੰਕੜਾ 9701 ਸੀ। ਇਹੀ ਕਾਰਣ ਹੈ ਕਿ ਬੈਠਕ ਦੌਰਾਨ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਬੰਧਤ ਮਹਿਕਮਿਆਂ ਨੂੰ ਨਿਰਦੇਸ਼ ਦੇਣੇ ਪਏ ਕਿ ਬਿਨਾਂ ਕਿਸੇ ਢਿੱਲ ਦੇ ਰੋਜ਼ਾਨਾ 25,000 ਆਰ. ਟੀ.- ਪੀ. ਸੀ. ਆਰ. ਅਤੇ 5000 ਰੈਪਿਡ ਐਂਟੀਜਨ ਟੈਸਟ ਕਰਨੇ ਯਕੀਨੀ ਬਣਾਏ ਜਾਣ।

4 ਹਫ਼ਤਿਆਂ 'ਚ 11 ਜ਼ਿਲ੍ਹਿਆਂ 'ਚ ਕੋਰੋਨਾ ਪਾਜ਼ੇਟਿਵ ਮਾਮਲਿਆਂ ਵਿਚ ਵਾਧਾ
ਹਾਲਾਂਕਿ ਸੂਬੇ 'ਚ ਕੋਰੋਨਾ ਮਾਮਲਿਆਂ 'ਚ ਪਿਛਲੇ ਮਹੀਨਿਆਂ ਦੇ ਮੁਕਾਬਲੇ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਜੋ ਰਫਤਾਰ ਸੀ, ਹੌਲੀ ਜ਼ਰੂਰ ਹੋਈ ਪਰ ਪਿਛਲੇ ਇਕ ਮਹੀਨੇ 'ਚ 11 ਜ਼ਿਲ੍ਹਿਆਂ ਰੂਪਨਗਰ, ਬਠਿੰਡਾ, ਐੱਸ. ਏ. ਐੱਸ. ਨਗਰ, ਫਰੀਦਕੋਟ, ਲੁਧਿਆਣਾ, ਜਲੰਧਰ, ਮਾਨਸਾ, ਅੰਮ੍ਰਿਤਸਰ, ਮੋਗਾ, ਸ਼ਹੀਦ ਭਗਤ ਸਿੰਘ ਨਗਰ ਅਤੇ ਸੰਗਰੂਰ ਵਿਚ ਪਾਜ਼ੇਟਿਵਿਟੀ ਦਰ 'ਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਪੀ. ਜੀ. ਆਈ. ਦਾ ਰੋਬੋਟ 4 ਮਹੀਨੇ ਤੋਂ ਬੰਦ, ਕੈਂਸਰ ਦੇ ਮਰੀਜ਼ਾਂ ਦਾ ਵਧ ਰਿਹਾ ''ਦਰਦ''

4412 ਮਰੀਜ਼ਾਂ ਨੂੰ ਨਿਗਲ ਚੁੱਕਿਆ ਹੈ ਕੋਰੋਨਾ
ਕੋਰੋਨਾ ਮਹਾਮਾਰੀ ਦੇ ਚਲਦੇ 12 ਨਵੰਬਰ ਤਕ ਸੂਬੇ ਵਿਚ 4412 ਮਰੀਜ਼ ਆਪਣੀ ਜਾਨ ਗਵਾ ਚੁੱਕੇ ਹਨ। ਹਾਲਾਂਕਿ ਇਨ੍ਹਾਂ ਵਿਚ ਜ਼ਿਆਦਾਤਰ 60 ਸਾਲ ਤੋਂ ਜ਼ਿਆਦਾ ਉਮਰ ਦੇ ਸਨ ਅਤੇ ਜ਼ਿਆਦਾਤਰ ਹੋਰ ਬੀਮਾਰੀਆਂ ਤੋਂ ਵੀ ਪੀੜਤ ਸਨ। 12 ਨਵੰਬਰ ਤਕ ਸੂਬੇ ਵਿਚ 28,22,668 ਸ਼ੱਕੀਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 1,39,869 ਦੀ ਰਿਪੋਰਟ ਪਾਜ਼ੇਟਿਵ ਆਈ। ਇਨ੍ਹਾਂ ਵਿਚੋਂ 1,30,018 ਮਰੀਜ਼ ਠੀਕ ਹੋ ਚੁੱਕੇ ਹਨ, ਜਦੋਂਕਿ 5439 ਹੁਣ ਵੀ ਐਕਟਿਵ ਮਾਮਲੇ ਹਨ, ਜਿਨ੍ਹਾਂ ਵਿਚੋਂ 134 ਮਰੀਜ਼ ਆਕਸੀਜਨ 'ਤੇ ਹਨ, ਜਦੋਂਕਿ 17 ਦੀ ਹਾਲਤ ਗੰਭੀਰ ਹੋਣ ਕਾਰਣ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।

ਕੋਰੋਨਾ ਐਕਟਿਵ ਮਾਮਲਿਆਂ 'ਚ ਮੋਹਾਲੀ ਸਿਖ਼ਰ 'ਤੇ, ਜਦਕਿ ਮਰੀਜ਼ਾਂ ਦੀ ਮੌਤ ਦੇ ਮਾਮਲੇ 'ਚ ਲੁਧਿਆਣਾ ਨੰਬਰ-1 'ਤੇ
12 ਨਵੰਬਰ ਤਕ ਦੇ ਅੰਕੜਿਆਂ ਅਨੁਸਾਰ ਸੂਬੇ ਦੇ ਕੁਲ 5439 ਕੋਰੋਨਾ ਐਕਟਿਵ ਮਾਮਲਿਆਂ 'ਚੋਂ ਸਭ ਤੋਂ ਜ਼ਿਆਦਾ 899 ਮਾਮਲੇ ਸਿਹਤ ਮੰਤਰੀ ਦੇ ਖੁਦ ਦੇ ਚੋਣ ਹਲਕੇ ਐੱਸ. ਏ. ਐੱਸ. ਨਗਰ ਮੋਹਾਲੀ ਨਾਲ ਸਬੰਧਤ ਹਨ। ਲੁਧਿਆਣਾ ਜ਼ਿਲ੍ਹੇ 'ਚ 670 ਅਤੇ ਜਲੰਧਰ ਵਿਚ 698 ਮਾਮਲੇ ਹਨ, ਜਦੋਂਕਿ ਸਭ ਤੋਂ ਘੱਟ 26 ਮਾਮਲੇ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਹਨ। ਕੋਰੋਨਾ ਮਰੀਜ਼ਾਂ ਦੀ ਮੌਤ ਦੇ ਮਾਮਲੇ 'ਚ ਲੁਧਿਆਣਾ ਪਹਿਲੇ ਨੰਬਰ 'ਤੇ ਹੈ। ਇਸ ਜ਼ਿਲ੍ਹੇ 'ਚ 12 ਨਵੰਬਰ ਤਕ 858 ਕੋਰੋਨਾ ਮਰੀਜ਼ ਆਪਣੀ ਜ਼ਿੰਦਗੀ ਤੋਂ ਹੱਥ ਧੋ ਚੁੱਕੇ ਹਨ, ਜਦੋਂਕਿ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਨਾਲ ਸਭ ਤੋਂ ਘੱਟ 36 ਮੌਤਾਂ ਮਾਨਸਾ ਜ਼ਿਲ੍ਹੇ ਤੋਂ ਰਿਪੋਰਟ ਹੋਈਆਂ ਹਨ।

ਇਹ ਵੀ ਪੜ੍ਹੋ : ਗ਼ਰੀਬ ਪਰਿਵਾਰ ਲਈ ਫਰਿਸ਼ਤਾ ਬਣੇ ਡਾ. ਓਬਰਾਏ, ਕੁਝ ਇਸ ਤਰ੍ਹਾਂ ਕੀਤੀ ਮਦਦ   

Anuradha

This news is Content Editor Anuradha