ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

04/26/2018 2:41:43 AM

ਹਾਜੀਪੁਰ, (ਜੋਸ਼ੀ)- ਥਾਣਾ ਤਲਵਾੜਾ ਦੇ ਪਿੰਡ ਟਿੱਬੀਆਂ ਦੇ ਇਕ ਘਰ 'ਚ ਦਾਖਲ ਹੋ ਕੇ ਚੋਰਾਂ ਨੇ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ। ਇਸ ਸਬੰਧੀ ਬਚਨ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਟਿੱਬੀਆਂ ਥਾਣਾ ਤਲਵਾੜਾ ਨੇ ਦੱਸਿਆ ਕਿ ਸਾਡੇ ਘਰ ਦੇ ਨਜ਼ਦੀਕ ਹੀ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਅਸੀਂ ਸਾਰੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਘਰ ਗਏ ਹੋਏ ਸੀ। ਜਦੋਂ ਉਥੋਂ ਘਰ ਪਰਤੇ ਤਾਂ ਸਾਡੇ ਘਰ ਦੇ ਕਮਰਿਆਂ 'ਚ ਪਈਆਂ ਸਟੀਲ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਰੇ ਕਮਰਿਆਂ 'ਚ ਕੱਪੜੇ ਤੇ ਹੋਰ ਘਰੇਲੂ ਸਾਮਾਨ ਖਿੱਲਰਿਆ ਪਿਆ ਸੀ। ਜਦੋਂ ਅਸੀਂ ਅਲਮਾਰੀ ਚੈੱਕ ਕੀਤੀ ਤਾਂ ਉਸ ਵਿਚ ਰੱਖੇ 15 ਤੋਲੇ ਸੋਨੇ ਦੇ ਗਹਿਣੇ ਤੇ 10 ਹਜ਼ਾਰ ਰੁਪਏ ਗਾਇਬ ਸਨ।  ਦਿਨ-ਦਿਹਾੜੇ ਹੋਈ ਇਸ ਚੋਰੀ ਤੋਂ ਬਾਅਦ ਸਾਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ 'ਚ ਲਗਾਤਾਰ ਲੁੱਟ-ਖੋਹ ਅਤੇ ਚੋਰੀਆਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਪਰ ਪੁਲਸ ਚੋਰਾਂ ਤੇ ਲੁਟੇਰਿਆਂ ਤਕ ਪਹੁੰਚ ਨਹੀਂ ਪਾ ਰਹੀ। ਲੋਕਾਂ ਦੀ ਪੁਲਸ ਪ੍ਰਸ਼ਾਸਨ ਪਾਸੋਂ ਮੰਗ ਹੈ ਕਿ ਪੰਜਾਬ ਪੁਲਸ ਦੀ ਕਾਰਗੁਜ਼ਾਰੀ 'ਚ ਸੁਧਾਰ ਲਿਆਂਦਾ ਜਾਵੇ। ਚੋਰੀ ਦੀ ਉਕਤ ਘਟਨਾ ਸਬੰਧੀ ਥਾਣਾ ਤਲਵਾੜਾ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।