ਹਜ਼ਾਰ ਕਰੋਡ਼ ਦੀ ਹੈਰੋਇਨ ਮਾਮਲੇ ਦੀ ਉਚ ਪੱਧਰੀ ਜਾਂਚ ਹੋਵੇ : ਕ੍ਰਿਸ਼ਚੀਅਨ ਲੀਗ

02/06/2020 12:45:40 AM

ਚੰਡੀਗਡ਼੍ਹ, (ਭੁੱਲਰ)- ਨੈਸ਼ਨਲ ਕ੍ਰਿਸ਼ਚੀਅਨ ਲੀਗ ਪੰਜਾਬ ਤੇ ਚੰਡੀਗਡ਼੍ਹ ਦੇ ਆਗੂਆਂ ਦੀ ਹੋਈ ਮੀਟਿੰਗ ’ਚ ਪਿਛਲੇ ਦਿਨੀਂ 1 ਹਜ਼ਾਰ ਕਰੋਡ਼ ਰੁਪਏ ਦੀ ਹੈਰੋਇਨ ਫੜੇ ਜਾਣ ਦੇ ਮਾਮਲੇ ਤੇ ਇਸ ’ਚ ਈਸਾਈ ਸਮੂਹ ਨਾਲ ਜੁਡ਼ੇ ਆਗੂ ਅਨਵਰ ਮਸੀਹ ਦਾ ਨਾਮ ਆਉਣ ’ਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਸ ਮਾਮਲੇ ਦੀ ਪੰਜਾਬ ਸਰਕਾਰ ਤੋਂ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ। ਲੀਗ ਦੇ ਪ੍ਰਧਾਨ ਜਗਦੀਸ਼ ਮਸੀਹ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ’ਚ ਸ਼ਾਮਲ ਆਗੂਆਂ ਨੇ ਕਿਹਾ ਕਿ ਈਸਾਈ ਭਾਈਚਾਰੇ ਦਾ ਪੰਜਾਬ ਤੇ ਦੇਸ਼ ’ਚ ਅਕਸ ਬਡ਼ਾ ਸਾਫ਼ ਸੁਥਰਾ ਰਿਹਾ ਹੈ ਅਤੇ ਡਰੱਗ ਦੇ ਅਜਿਹੇ ਗੰਭੀਰ ਇਲਜ਼ਾਮ ਪਹਿਲੀ ਵਾਰ ਕਿਸੇ ਈਸਾਈ ਵਰਗ ਨਾਲ ਜੁਡ਼ੇ ਨੇਤਾ ’ਤੇ ਲੱਗੇ ਹਨ। ਮੀਟਿੰਗ ’ਚ ਸ਼ਾਮਲ ਈਸਾਈ ਆਗੂਆਂ ਨੇ ਕਿਹਾ ਕਿ ਈਸਾਈ ਭਾਈਚਾਰਾ ਅਜਿਹੀ ਕਿਸੇ ਕਾਰਵਾਈ ਦਾ ਬਿਲਕੁਲ ਵੀ ਸਮਰਥਨ ਨਹੀਂ ਕਰਦਾ। ਇਸ ਮਾਮਲੇ ’ਚ ਹੋਰ ਵੀ ਕੁੱਝ ਆਗੂਆਂ ਦੇ ਨਾਮ ਆ ਰਹੇ ਹਨ, ਜਿਸ ਕਰ ਕੇ ਸਭ ਬਾਰੇ ਸਰਕਾਰ ਨੂੰ ਵਿਸ਼ੇਸ਼ ਜਾਂਚ ਕਰਵਾਉਣੀ ਚਾਹੀਦੀ ਹੈ। ਜਿਹਡ਼ੇ ਆਗੂਆਂ ਦੇ ਇਸ ਮਾਮਲੇ ’ਚ ਨਾਮ ਚਰਚਾ ’ਚ ਆ ਰਹੇ ਹਨ, ਉਨ੍ਹਾਂ ਸਭ ਦੀਆਂ ਜਾਇਦਾਦਾਂ ਦੀ ਵੀ ਪੂਰੀ ਪਡ਼ਤਾਲ ਕਰਵਾ ਕੇ ਅਸਲੀਅਤ ਸਾਹਮਣੇ ਲਿਆਂਦੀ ਜਾਣੀ ਚਾਹੀਦੀ ਹੈ। ਈਸਾਈ ਆਗੂਆਂ ਨੇ ਕਿਹਾ ਕਿ ਕਿਸੇ ਨੂੰ ਵੀ ਨਸ਼ਿਆਂ ਦੇ ਵਪਾਰ ਰਾਹੀਂ ਨੌਜਵਾਨਾਂ ਦੇ ਭਵਿੱਖ ਨਾਲ ਖੇਡਣ ਦੀ ਬਿਲਕੁਲ ਵੀ ਆਗਿਆ ਨਹੀਂ ਹੋਣੀ ਚਾਹੀਦੀ। ਇਸ ਸਬੰਧੀ ਡੀ. ਜੀ. ਪੀ. ਪੰਜਾਬ ਨੂੰ ਵੀ ਮਿਲਣ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ’ਚ ਸ਼ਾਮਲ ਕ੍ਰਿਸ਼ਚੀਅਨ ਲੀਗ ਦੇ ਆਗੂਆਂ ਸੁਖਵਿੰਦਰ ਗਿੱਲ, ਬਲਜਿੰਦਰ ਮਸੀਹ, ਪਾਸਟਰ ਰਾਜਕੁਮਾਰ, ਮਨੇਵਰ ਮਸੀਹ ਅਤੇ ਤਾਰਾ ਮਸੀਹ ਆਦਿ ਸ਼ਾਮਲ ਸਨ।

Bharat Thapa

This news is Content Editor Bharat Thapa