ਹਨੀਪ੍ਰੀਤ ਦਾ ਪਤਾ ਲਗਾਉਣ ਲਈ ਸਰਕਾਰ ਕਰਨ ਲੱਗੀ ਇਹ ਕੰਮ, ਦੇਸ਼ ''ਚੋਂ ਭੱਜਣ ਦੇ ਮਿਲੇ ਸਬੂਤ

09/13/2017 8:12:51 AM

ਸਿਰਸਾ — ਡੇਰਾ ਮੁਖੀ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਦੀ ਭਾਲ ਲਈ ਹਰਿਆਣਾ ਸਰਕਾਰ ਨੇ ਹੁਣ ਦੇਸ਼ ਦੀ ਇੰਟਰਨੈਸ਼ਨਲ ਖੁਫੀਆ ਏਜੰਸੀ 'ਰਾਅ' (ਰਿਸਰਚ ਐਂਡ ਐਨਾਲਇਸਿਸ ਵਿੰਗ) ਦੀ ਸਹਾਇਤਾ ਮੰਗੀ ਹੈ। ਜਾਣਕਾਰੀ ਦੇ ਮੁਤਾਬਕ  'ਰਾਅ' ਦਾ ਨੈੱਟਵਰਕ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ 'ਚ ਫੈਲਿਆ ਹੋਇਆ ਹੈ। ਇੰਨਾ ਹੀ ਨਹੀਂ, ਹਰਿਆਣਾ ਪੁਲਸ ਨੇ ਨੇਪਾਲ ਨਾਲ ਵੀ  ਸੰਪਰਕ ਕੀਤਾ, ਨੇਪਾਲ ਨੇ ਹਰਿਆਣਾ ਪੁਲਸ ਦੀ ਪੂਰੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਹੈ।
ਨੇਪਾਲ ਪੁਲਸ ਨੇ ਖੁਫਿਆ ਏਜੰਸੀਆਂ ਨੂੰ ਹਨੀਪ੍ਰੀਤ ਦੀ ਭਾਲ ਦੇ ਲਈ ਅਲਰਟ ਵੀ ਕਰ ਦਿੱਤਾ ਹੈ। ਹਰਿਆਣਾ ਪੁਲਸ ਹਨੀਪ੍ਰੀਤ ਦੀ ਭਾਲ ਲਈ ਫਿਲਹਾਲ ਇਸ ਥਿਊਰੀ 'ਤੇ ਕੰਮ ਕਰ ਰਹੀ ਹੈ ਕਿ ਹਨੀਪ੍ਰੀਤ ਯੂ.ਪੀ. ਦੇ ਲਖੀਮਪੁਰ ਖੀਰੀ ਇਲਾਕੇ 'ਤੋਂ ਨੇਪਾਲ 'ਚ ਪ੍ਰਵੇਸ਼ ਕਰ ਗਈ ਹੈ। ਬਾਰਡਰ 'ਤੇ ਮਿਲੀ ਪੰਜਾਬ ਦੇ ਨੰਬਰ ਦੀ ਲਗਜ਼ਰੀ ਗੱਡੀ ਅਤੇ ਉਥੇ ਇਕ ਰਿਕਸ਼ਾ ਚਾਲਕ ਦਾ ਇਹ ਬਿਆਨ ਕਿ ਉਸਨੇ ਇਕ ਮਹਿਲਾ ਅਤੇ 2 ਪੁਰਸ਼ਾਂ ਨੂੰ ਬਾਰਡਰ ਵੱਲ ਜਾਂਦੇ ਹੋਏ ਦੇਖਿਆ ਹੈ, ਸੋ ਇਸ ਸੰਭਾਵਨਾ ਨੂੰ ਬਲ ਮਿਲ ਰਿਹਾ ਹੈ ।
ਖੁਫੀਆ ਏਜੰਸੀਆਂ ਦੇ ਅਨੁਸਾਰ ਰਾਜ਼ਦਾਰ ਹੋਣ ਦੇ ਕਾਰਨ ਹੀ ਹਨੀਪ੍ਰੀਤ ਨੂੰ ਡੇਰਾ ਸਮਰਥਕਾਂ ਵਲੋਂ ਜਾਨ ਦਾ ਖਤਰਾ ਹੈ। ਹਰਿਆਣਾ ਪੁਲਸ ਦੇ ਡੀਜੀਪੀ ਬੀਐਸ ਸੰਧੂ ਨੇ ਦੱਸਿਆ ਕਿ ਹਨੀਪ੍ਰੀਤ ਦੀ ਤਲਾਸ਼ ਦੇ ਲਈ ਹੁਣ ਕਈ ਵੱਡੀਆਂ ਏਜੰਸੀਆਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ।