ਪਰਿਵਾਰਕ ਮੈਂਬਰ ਦੀ ਮੌਤ ਮਗਰੋਂ ਪਰਿਵਾਰ ਨੇ ਲੋਕਾਂ ਨੂੰ ਕੀਤੀ ਇਹ ਅਪੀਲ

04/20/2020 12:34:13 AM

ਜਲੰਧਰ (ਵੈਬ ਡੈਸਕ)- ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਹੈ, ਜਿਸ ਨੂੰ ਦੇਖਦਿਆਂ ਸਰਕਾਰਾਂ ਵਲੋਂ ਕਈ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ। ਪੂਰੀ ਦੁਨੀਆ ਵਿਚ ਲੌਕਡਾਊਨ ਹੈ, ਜਿਸ ਕਾਰਨ ਲੋਕ ਆਪਣੇ ਘਰਾਂ ਵਿਚ ਬੰਦ ਹਨ। ਸਰਕਾਰ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣ ਤਾਂ ਜੋ ਕੋਰੋਨਾ ਵਾਇਰਸ ਦੀ ਚੇਨ ਨੂੰ ਰੋਕਿਆ ਜਾ ਸਕੇ। ਇਨ੍ਹਾਂ ਗੱਲ੍ਹਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਪਰਿਵਾਰ ਵਲੋਂ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਪਰਿਵਾਰ ਦੇ ਇਕ ਜੀਅ ਦੇ ਸਦੀਵੀ ਵਿਛੋੜੇ ਤੋਂ ਬਾਅਦ ਦੁੱਖ ਦੀ ਘੜੀ ਵਿਚ ਕਿਸੇ ਦੇ ਸ਼ਾਮਲ ਨਾ ਹੋਣ ਦੀ ਅਪੀਲ ਲੋਕਾਂ ਨੂੰ ਕੀਤੀ ਹੈ। ਉਨ੍ਹਾਂ ਇਹ ਇਸ ਲਈ ਕੀਤਾ ਤਾਂ ਜੋ ਲੋਕ ਆਪਣੇ ਘਰਾਂ ਵਿਚ ਹੀ ਰਹਿਣ ਅਤੇ ਇਸ ਵਾਇਰਸ ਤੋਂ ਬਚ ਸਕਣ।

ਉਨ੍ਹਾਂ ਦੀ ਇਹ ਅਪੀਲ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਆਪਣੀ ਇਸ ਅਪੀਲ ਵਿਚ ਉਨ੍ਹਾਂ ਕਿਹਾ ਹੈ, 'ਆਪ ਸਭ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬੜੇ ਹੀ ਸਤਿਕਾਰਯੋਗ ਸ੍ਰੀ ਭਗੀਰਥ ਮੱਲ ਜੀ 18 ਅਪ੍ਰੈਲ 2020 ਨੂੰ ਸੰਸਾਰਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਵਿਚ ਜਾ ਵਿਰਾਜੇ ਹਨ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸ੍ਰੀ ਗਰੁੜ ਪੁਰਾਣ ਦੇ ਭੋਗ ਦਾ ਸਮਾਗਮ 29 ਅਪ੍ਰੈਲ (ਦਿਨ ਬੁੱਧਵਾਰ) ਨੂੰ ਘਰ ਵਿਚ ਹੀ ਕਰਵਾਇਆ ਜਾ ਰਿਹਾ ਹੈ ਪਰ ਦੁਨੀਆ ਭਰ ਵਿਚ ਮੌਜੂਦਾ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਸਮਾਗਮ ਪਰਿਵਾਰ ਤੱਕ ਹੀ ਸੀਮਤ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਕੱਠ ਕਰਕੇ ਅਸੀਂ ਆਪਣੇ ਅਜ਼ੀਜ਼ਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਖਤਰੇ ਵਿਚ ਨਹੀਂ ਪਾਉਣਾ ਚਾਹੁੰਦੇ। ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਖੜ੍ਹਣ ਵਾਲੇ ਸਾਰੇ ਸੰਗੀ-ਸਾਥੀਆਂ ਦੇ ਅਸੀਂ ਰਿਣੀ ਰਹਾਂਗੇ।

Sunny Mehra

This news is Content Editor Sunny Mehra