ਕੋਵਿਡ-19 ਟੀਕਾਕਰਨ ਦਾ ਤੀਜਾ ਪੜਾਅ 1 ਮਾਰਚ ਤੋਂ ਹੋਇਆ ਸ਼ੁਰੂ

03/01/2021 6:16:39 PM

ਚੰਡੀਗੜ੍ਹ (ਸ਼ਰਮਾ) : ਪੰਜਾਬ ਦੇ ਸਿਹਤ ਮੰਤਰੀ ਨੇ ਇੱਥੇ ਦੱਸਿਆ ਕਿ ਕੋਵਿਡ -19 ਟੀਕਾਕਰਨ ਦਾ ਤੀਜਾ ਪੜਾਅ ਸੂਬੇ ਭਰ ਵਿਚ 1 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਇਸ ਪੜਾਅ ਵਿਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਸਰਕਾਰ ਵਲੋਂ ਦਰਸਾਏ ਅਨੁਸਾਰ ਸਹਿ-ਰੋਗਾਂ ਤੋਂ ਪੀੜਤ 45 ਤੋਂ 59 ਸਾਲ ਤਕ ਦੀ ਉਮਰ ਦੇ ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਨੂੰ ਸਹਿ-ਰੋਗਾਂ ਬਾਰੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਤੋਂ ਪ੍ਰਮਾਣੀਕਰਨ ਦੇਣਾ ਲਾਜ਼ਮੀ ਹੋਵੇਗਾ। ਟੀਕਾਕਰਨ ਦੇ ਇਸ ਪੜਾਅ ਵਿਚ ਟੀਕਾਕਰਨ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਨਹੀਂ ਹੈ ਅਤੇ ਟੀਕਾ ਲਗਵਾਉਣ ਦੇ ਚਾਹਵਾਨ ਵਿਅਕਤੀ ਇਸ ਲਈ ਪ੍ਰੀ-ਰਜਿਸਟਰ ਕਰ ਸਕਦੇ ਹਨ ਜਾਂ ਟੀਕਾਕਰਨ ਲਈ ਸਿੱਧੇ ਪਹੁੰਚ ਕਰ ਸਕਦੇ ਹਨ। ਹਾਲਾਂਕਿ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਸੀਨੀਅਰ ਸਿਟੀਜ਼ਨ ਟੀਕਾਕਰਨ ਲਈ ਸਿਹਤ ਸੰਸਥਾ ਵਿਖੇ ਉਡੀਕ ਦੇ ਸਮੇਂ ਤੋਂ ਬਚਣ ਵਾਸਤੇ ਪਹਿਲਾਂ ਰਜਿਸਟਰ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ :  ਚੰਡੀਗੜ੍ਹ ਰੋਸ ਧਰਨੇ ਲਈ ਜਥੇ: ਲੋਪੋਕੇ ਦੀ ਅਗਵਾਈ ਚ ਹਲਕਾ ਰਾਜਾਸਾਂਸੀ ਤੋਂ ਜਥਾ ਰਵਾਨਾ 

ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਟੀਕਾ ਮੁਫ਼ਤ ਲਾਇਆ ਜਾਵੇਗਾ ਜਦੋਂ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਟੀਕੇ ਦੀ ਪ੍ਰਤੀ ਖੁਰਾਕ ਪਿੱਛੇ 150 ਰੁਪਏ ਵਸੂਲਣ ਲਈ ਅਧਿਕਾਰਤ ਕੀਤਾ ਗਿਆ ਹੈ ਅਤੇ ਉਹ ਸੇਵਾ ਪ੍ਰਬੰਧਨ ਖਰਚੇ ਵਜੋਂ 100 ਰੁਪਏ ਵਾਧੂ ਵਸੂਲ ਸਕਦੇ ਹਨ। ਇਸ ਦੌਰਾਨ, ਸਿਹਤ ਸੰਭਾਲ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀਆਂ ਲਈ ਟੀਕਾਕਰਨ ਇਸ ਦੌਰ ਦੇ ਨਾਲ-ਨਾਲ ਜਾਰੀ ਰਹੇਗਾ। ਭਾਵੇਂ ਉਹ ਪਹਿਲਾਂ ਰਜਿਸਟਰਡ ਨਹੀਂ ਹੋਏ ਫਿਰ ਵੀ ਉਹ ਵਾਕ ਇਨ ਰਾਹੀਂ ਟੀਕਾਕਰਨ ਸਥਾਨ ’ਤੇ ਜਾ ਕੇ ਟੀਕਾ ਲਗਵਾ ਸਕਦੇ ਹਨ।

ਇਹ ਵੀ ਪੜ੍ਹੋ : ਆਤਿਸ਼ਬਾਜ਼ੀ ਅਤੇ ਦੀਪਮਾਲਾ ਕਰਦੇ ਹੋਏ ਪ੍ਰਕਾਸ਼ ਦਿਹਾੜਾ ਸ਼ਰਧਾਪੂਰਵਕ ਮਨਾਇਆ    

ਦੱਸਣਯੋਗ ਹੈ ਕਿ ਅੱਜ ਤੋਂ ਸ਼ਹਿਰ ਵਿਚ 60 ਸਾਲਾਂ ਤੋਂ ਜ਼ਿਆਦਾ ਉਮਰ ਦੇ ਲੋਕਾਂ ਅਤੇ ਪਹਿਲਾਂ ਤੋਂ ਕਿਸੇ ਰੋਗ ਤੋਂ ਪੀੜਿਤ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਕੋਰੋਨਾ ਵੈਕਸੀਨੇਸ਼ਨ ਸ਼ੁਰੂ ਹੋਣ ਜਾ ਰਹੀ ਹੈ। ਪਹਿਲਾ ਦਿਨ ਹੋਣ ਕਾਰਣ ਆਨਲਾਈਨ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਹੋਵੇ, ਇਸ ਲਈ ਆਨਸਾਈਟ ਰਜਿਸਟ੍ਰੇਸ਼ਨ ਦੀ ਵੀ ਸਹੂਲਤ ਦਿੱਤੀ ਗਈ ਹੈ। ਆਮ ਜਨਤਾ ਲਈ ਵੈਕਸੀਨੇਸ਼ਨ ਵਿਚ ਕੋਵਿਡ ਤੋਂ ਇਲਾਵਾ ਅਰੋਗਿਆ ਸੇਤੂ ਐਪ ਅਤੇ ਕੋਵਿਨ ਪੋਰਟਲ ’ਤੇ ਵੀ ਰਜਿਸਟਰ ਕਰਵਾਇਆ ਜਾ ਸਕਦਾ ਹੈ। ਸੀਨੀਅਰ ਸਿਟੀਜ਼ਨਸ ਲਈ ਫ਼ੋਨ ’ਤੇ ਰਜਿਸਟ੍ਰੇਸ਼ਨ ਦੀ ਆਪਸ਼ਨ ਵੀ ਹੈ। ਵੈਕਸੀਨੇਸ਼ਨ ਲਈ 5 ਪ੍ਰਾਈਵੇਟ ਹਸਪਤਾਲਾਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਨਾਲ ਹੀ ਹਰ ਸੈਂਟਰ ’ਤੇ ਨੋਡਲ ਅਫ਼ਸਰ ਨੂੰ ਨਿਯੁਕਤ ਕੀਤਾ ਗਿਆ ਹੈ। ਵੈਕਸੀਨੇਸ਼ਨ ਲਈ ਪ੍ਰਾਈਵੇਟ ਸੈਕਟਰ ਵਿਚ 250 ਰੁਪਏ ਤੈਅ ਕੀਤੇ ਗਏ ਹਨ, ਜਦੋਂ ਕਿ ਸਰਕਾਰੀ ਵਿਚ ਇਹ ਮੁਫ਼ਤ ਰਹੇਗੀ। ਸਾਰੀਆਂ ਵੈਕਸੀਨੇਸ਼ਨ ਸਾਈਟਸ ਵਿਚ ਸਵੇਰੇ 9 ਤੋਂ 4 ਵਜੇ ਤਕ ਵੈਕਸੀਨੇਸ਼ਨ ਹੋਵੇਗੀ। ਆਨਸਾਈਟ ਰਜਿਸਟ੍ਰੇਸ਼ਨ ਦੁਪਹਿਰ 2 ਵਜੇ ਬੰਦ ਹੋਵੇਗੀ।

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ  

Anuradha

This news is Content Editor Anuradha