ਚੋਰਾਂ ਨੇ ਦੋ ਘਰਾਂ ਨੂੰ ਬਣਾਇਆ ਨਿਸ਼ਾਨਾ, 2 ਤੋਲੇ ਸੋਨਾ ਤੇ 22 ਹਜ਼ਾਰ ਦੀ ਨਕਦੀ ਲੈ ਕੇ ਹੋਏ ਫਰਾਰ

07/21/2017 5:26:42 PM


ਗੁਰਦਾਸਪੁਰ(ਦੀਪਕ)—ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਆਏ ਦਿਨ ਕਿਸੇ ਨਾ ਕਿਸੀ ਵਾਰਦਾਤ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਅਜਿਹਾ ਹੀ ਮਾਮਲਾ ਗੁਰਦਾਸਪੁਰ ਦੇ ਗੋਬਿੰਦਨਗਰ ਦਾ ਹੈ, ਜਿਥੇ 4 ਚੋਰਾਂ ਨੇ ਇਕੋ ਰਾਤ 'ਚ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਇਕ ਘਰ 'ਚੋਂ 2 ਤੋਲੇ ਸੋਨਾ ਅਤੇ 22 ਹਜ਼ਾਰ ਦੀ ਨਕਦੀ ਲੈ ਕੇ ਫਰਾਰ ਹੋ ਗਏ, ਜਦਕਿ ਦੂਜੇ ਘਰ 'ਚ ਚੋਰੀ ਕਰਨ ਪਹੁੰਚੇ ਤਾਂ ਉਥੇ ਘਰ ਵਾਲਿਆਂ ਨੇ ਹਵਾਈ ਫਾਇਰ ਕਰ ਦਿੱਤੇ, ਜਿਸ ਕਾਰਨ ਚੋਰ ਉਥੋਂ ਭੱਜ ਨਿਕਲੇ। ਘਟਨਾ ਸਥਾਨ 'ਤੇ ਮੌਕੇ 'ਤੇ ਪਹੁੰਚੀ ਥਾਣਾ ਸਿਟੀ ਦੀ ਪੁਲਸ ਨੇ ਅਣਪਛਾਤੇ ਚੋਰਾਂ ਦੇ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। 
ਜਾਣਕਾਰੀ ਮੁਤਾਬਕ ਘਰ ਦੇ ਮਾਲਕ ਸਤਨਾਮ ਸਿੰਘ ਨੇ ਦੱਸਿਆ ਕਿ ਰਾਤ ਇਕ ਵਜੇ ਦੇ ਕਰੀਬ ਚੋਰਾਂ ਨੇ ਉਨ੍ਹਾਂ ਦੇ ਘਰ ਦੀ ਖਿੜਕੀ ਨੂੰ ਤੋੜ ਕੇ ਅਲਮਾਰੀ ਦੀ ਤੋੜਭੰਨ ਕਰਨ ਲੱਗੇ, ਜਦ ਮੈਂ ਅਵਾਜ਼ ਸੁਣੀ ਅਤੇ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਚੋਰਾਂ ਨੇ ਅੰਦਰੋਂ ਦਰਵਾਜ਼ਾ ਬੰਦ ਕੀਤਾ ਹੋਇਆ ਸੀ ਅਤੇ 2 ਤੋਲੇ ਸੋਨਾ ਅਤੇ 22 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਇਸ ਘਟਨਾ ਦੀ ਸੂਚਨਾ ਪੁਲਸ ਨੂੰਦਿੱਤੀ ਪਰ ਪੁਲਸ ਕਾਫੀ ਦੇਰੀ ਨਾਲ ਪਹੁੰਚੀ, ਪਰ ਉਦੋਂ ਤੱਕ ਚੋਰ ਉਥੋਂ ਭੱਜ ਨਿਕਲੇ ਸੀ।
    ਇਸੇ ਤਰ੍ਹਾਂ ਦੂਜੇ ਘਰ ਦੀ ਮਾਲਕਣ ਦਵਿੰਦਰ ਕੌਰ ਨੇ ਦੱਸਿਆ ਕਿ ਚੋਰ ਗਿਰੋਹ ਸਾਡੇ ਘਰ ਦੀ ਖਿੜਕੀ ਤੋੜਨ ਦੀ ਕੋਸ਼ਿਸ਼ ਕਰ ਰਹੇ ਸੀ, ਤਾਂ ਉਦੋਂ ਮੇਰੀ ਅੱਖ ਖੁੱਲੀ ਤਾਂ ਦੇਖਿਆ ਕਿ 4 ਆਦਮੀ ਘਰ ਦੀ ਖਿੜਕੀ ਤੋੜਨ ਦੀ ਕੋਸ਼ਿਸ਼ ਕਰ ਰਹੇ ਹੈ ਤਾਂ ਮੈਂ ਆਪਣੈ ਘਰ ਦੇ ਕੋਲ ਵਾਲੇ ਘਰ ਦੇ ਲੜਕੇ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਤਾਂ ਉਸ ਨੇ ਆਪਣੇ ਘਰ ਦੀ ਛੱਤ ਤੇ ਜਾ ਕੇ ਇਕ ਫਾਇਰ ਕਰ ਦਿੱਤਾ ਤੇ ਅਸੀਂ ਰੌਲਾ ਪਾ ਦਿੱਤਾ। ਗੋਲੀ ਦੀ ਆਵਾਜ਼ ਸੁਣ ਕੇ ਚੋਰ ਉਥੋਂ ਭੱਜ ਨਿਕਲੇ। ਅਸੀਂ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਪਰ ਪੁਲਸ ਕਾਫੀ ਦੇਰ ਬਾਅਦ ਪਹੁੰਚੀ। 

ਕੀ ਕਹਿਣਾ ਹੈ ਡੀ. ਐੱਸ. ਪੀ ਦੇਵਦੱਤ ਸ਼ਰਮਾ ਦਾ
ਇਸ ਸਬੰਧੀ ਡੀ. ਐੱਸ. ਪੀ ਦੇਵਦੱਤ ਸ਼ਰਮਾ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਦੋ ਘਰਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਕ ਘਰ ਤੋਂ ਚੋਰਾਂ ਨੇ ਸਮਾਨ ਵੀ ਚੋਰੀ ਕੀਤਾ ਹੈ। ਅਸੀਂ ਮਾਮਲਾ ਦਰਜ ਕਰਕੇ ਸ਼ੱਕ ਦੇ ਆਧਾਰ ਤੇ ਇਕ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।