ਚੋਰਾਂ ਨੇ ਕਣਕ ਨਾਲ ਭਰੇ ਟਰੱਕ ਨੂੰ ਬਣਾਇਆ ਨਿਸ਼ਾਨਾ, ਕਣਕ ਦੇ 70 ਗੱਟੇ ਕੀਤੇ ਚੋਰੀ

05/10/2020 1:48:26 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ) : ਲਾਕਡਾਊਨ/ਕਰਫ਼ਿਊ ਦੌਰਾਨ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਕ ਪਾਸੇ ਜਿੱਥੇ ਅਣਪਛਾਤੇ ਚੋਰਾਂ ਦਾ ਨਿਸ਼ਾਨਾ ਸ਼ਹਿਰ ਦੀਆਂ ਬੰਦ ਪਈਆ ਦੁਕਾਨਾਂ ਬਣ ਰਹੀਆਂ ਹਨ, ਉਥੇ ਹੀ ਸ੍ਰੀ ਮੁਕਤਸਰ ਸਾਹਿਬ ਤੋਂ ਜਲਾਲਬਾਦ ਗੋਦਾਮ ਵਿਖੇ ਜਾ ਰਿਹਾ ਕਣਕ ਦਾ ਭਰਿਆ ਟਰੱਕ, ਜੋ ਕਰਫ਼ਿਊ ਕਰਕੇ ਰੁਕਿਆ ਹੋਇਆ ਸੀ, ਨੂੰ  ਅਣਪਛਾਤੇ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਉਂਦਿਆਂ ਟਰੱਕ ਵਿਚੋਂ 70 ਗੱਟੇ ਕਣਕ ਦੇ ਚੋਰੀ ਕਰ ਲਏ ਹਨ। ਇਸ ਘਟਨਾ ਤੋਂ ਬਾਅਦ ਥਾਣਾ ਸਿਟੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਘਟਨਾ ਸਥਾਨ ਦੇ ਨੇੜੇ-ਤੇੜੇ ਦੇ ਸੀ. ਸੀ. ਟੀ. ਵੀ. ਫੁਟੇਜ਼ ਨੂੰ ਖੰਘਾਲ ਰਹੀ ਹੈ, ਜਿਸ ਤੋਂ ਕੋਈ ਸੁਰਾਗ ਮਿਲਣ ਦੀ ਆਸ ਹੈ। ਠੇਕੇਦਾਰ ਰੋਮੀ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਕਫੈੱਡ ਵੱਲੋਂ ਖ਼ਰੀਦੀ ਗਈ ਕਣਕ ਨੂੰ ਟਰੱਕ ਜ਼ਰੀਏ ਜਲਾਲਾਬਾਦ ਦੇ ਐੱਸ. ਐੱਸ. ਗੋਦਾਮ ਵਿਖੇ ਪਹੁੰਚਾਇਆ  ਜਾਣਾ ਸੀ, ਜੋ ਸ੍ਰੀ ਮੁਕਤਸਰ ਸਾਹਿਬ ਤੋਂ ਰਵਾਨਾ ਹੋਣਾ ਸੀ ਪਰ ਕਰਫ਼ਿਊ ਕਰਕੇ ਦੇਰੀ ਕਾਰਨ ਕਣਕ ਦੇ ਗੱਟਿਆਂ ਦਾ ਭਰਿਆ ਟਰੱਕ   ਸਥਾਨਕ ਜਲਾਲਬਾਦ ਬਾਈਪਾਸ 'ਤੇ ਹੀ ਰੁਕਿਆ ਹੋਇਆ ਸੀ।  

ਇਸ ਦੌਰਾਨ ਰਾਤ ਸਮੇਂ ਅਣਪਛਾਤੇ ਚੋਰਾਂ ਨੇ ਟਰੱਕ ਦੇ ਪਿਛਿਓਂ ਡਾਲੇ ਉਤੋਂ ਚੜ੍ਹ ਕੇ ਟਰੱਕ ਵਿਚੋਂ 70 ਗੱਟੇ ਕਣਕ ਦੇ ਚੋਰੀ ਕਰ ਲਏ, ਜਿਨ੍ਹਾਂ ਦਾ ਅਜੇ ਤੱਕ ਕੋਈ ਥਹੁ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਥਾਣਾ ਸਿਟੀ ਵਿਚ ਇਸਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪੁੱਜ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੀ ਕਹਿਣਾ ਹੈ ਪੁਲਸ ਦਾ
ਇਸ ਮੌਕੇ ਘਟਨਾ ਦੀ ਪੜਤਾਲ ਕਰਨ ਪੁੱਜੇ ਥਾਣਾ ਸਿਟੀ ਦੇ ਏ. ਐੱਸ. ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਚੋਰੀ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਘਟਨਾ ਸਥਾਨ 'ਤੇ ਪੁੱਜ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ਦੇ ਕੋਲ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਚੈੱਕ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਮਿਲੇ ਤੱਥਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੋਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।


Gurminder Singh

Content Editor

Related News