ਚੋਰਾਂ ਨੇ ਰਾਤ ਨੂੰ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਕੁੜੀ ਦੇ ਵਿਆਹ ਲਈ ਰੱਖੇ ਗਹਿਣੇ ਉਡਾਏ

09/26/2017 7:07:46 PM

ਸਰਦੂਲਗੜ੍ਹ (ਚੋਪੜਾ) : ਸ਼ਹਿਰ ਦੀ ਅਨਾਜ ਮੰਡੀ ਨਾਲ ਲੱਗਦੀ ਵਾਰਡ ਨੰਬਰ 2 ਦੀ ਪੌਸ਼ ਕਾਲੋਨੀ ਵਿਚੋਂ ਚੋਰ ਰਾਤ ਨੂੰ ਘਰ ਵਿਚ ਸੁੱਤੇ ਬੱਚਿਆਂ ਨੂੰ ਕਮਰੇ ਵਿਚ ਬੰਧਕ ਬਣਾ ਕੇ ਘਰ ਵਿਚ ਰੱਖੇ 27 ਤੋਲੇ ਸੋਨੇ ਦੇ, 2 ਕਿਲੋ ਚਾਂਦੀ ਦੇ ਗਹਿਣਿਆਂ ਸਮੇਤ 2 ਲੱਖ 35 ਹਜ਼ਾਰ ਰੁਪਏ ਨਕਦ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ|ਚੋਰੀ ਦੀ ਇਸ ਵੱਡੀ ਘਟਨਾ ਕਾਰਨ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ। ਪੀੜਤ ਨੰਦ ਕਿਸ਼ੋਰ ਪੁੱਤਰ ਚਿਮਨ ਲਾਲ ਭੱਠੂਵਾਲੇ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਰਿਸ਼ਤੇਦਾਰੀ ਵਿਚ ਮਾਨਸਾ ਜਾਗਰਤੇ 'ਤੇ ਗਿਆ ਹੋਇਆ ਸੀ ਅਤੇ ਘਰ ਵਿਚ ਸਿਰਫ ਛੋਟੇ ਬੱਚੇ ਸਨ। ਰਾਤ ਕਰੀਬ ਦੋ ਵਜੇ ਛੇ ਅਣਪਛਾਤੇ ਵਿਅਕਤੀ ਜਿਨ੍ਹਾਂ ਕੋਲ ਰਾਡਾਂ ਅਤੇ ਖਤਰਨਾਕ ਹਥਿਆਰ ਸਨ। ਗੁਆਂਢੀਆਂ ਦੇ ਘਰ ਵਿਚੋਂ ਦਾਖਲ ਹੋ ਕੇ ਸਾਡੇ ਘਰ ਵੱੜ ਗਏ ਅਤੇ ਕਮਰੇ ਵਿਚ ਸੁੱਤੇ ਬੱਚਿਆਂ ਨੂੰ ਡਰਾ ਕੇ ਬੰਧਕ ਬਣਾ ਦਿੱਤਾ।
ਚੋਰ ਘਰ ਵਿਚੋਂ ਲੜਕੀ ਦੇ ਵਿਆਹ ਲਈ ਰੱਖੇ 12 ਲੱਖ 30 ਹਜਾਰ ਰੁਪਏ ਕੀਮਤ ਦੇ 27 ਤੋਲੇ ਸੋਨੇ, 2ਕਿਲੋ ਚਾਂਦੀ ਦੇ ਗਹਿਣੇ, ਲੈਪਟਾਪ, ਦੋ ਕੈਮਰੇ, ਦੋ ਮੋਬਾਇਲ ਅਤੇ 2ਲੱਖ 35 ਹਜ਼ਾਰ ਰੁਪਏ ਨਕਦ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਐਸ.ਐਚ.ਓ. ਗੁਰਦੀਪ ਸਿੰਘ ਨੇ ਦੱਸਿਆ ਕਿ ਛੇ ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।