ਏ. ਟੀ. ਐੱਮ. ਤੋੜਨ ਵਾਲੇ ਅੰਤਰਰਾਜੀ ਗੈਂਗ ਦਾ ਪਰਦਾਫਾਸ਼

03/18/2018 7:48:46 AM

ਲੁਧਿਆਣਾ (ਮਹੇਸ਼) - 27 ਦੇ ਲਗਭਗ ਏ. ਟੀ. ਐੱਮ. ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਇਕ ਅੰਤਰਰਾਜੀ ਗੈਂਗ ਦਾ ਪਰਦਾਫਾਸ਼ ਹੋਇਆ ਹੈ। ਕਰਾਈਮ ਬਰਾਂਚ ਨੇ ਗੈਂਗ ਦੇ ਸਰਗਣੇ ਸਮੇਤ 3 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 40 ਬੈਟਰੀਆਂ ਬਰਾਮਦ ਕੀਤੀਆਂ ਹਨ। ਗੈਂਗ ਦੇ 4 ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ। Êਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਫੜੇ ਦੋਸ਼ੀਆਂ 'ਚ ਗੈਂਗ ਲੀਡਰ ਸਲੇਮ ਟਾਬਰੀ ਨਿਵਾਸੀ ਰਮਨ ਕੁਮਾਰ ਉਰਫ ਰਮਨੀ, ਪੀਰੂ ਬੰਦਾ ਇਲਾਕੇ ਦਾ ਬਿਕਰਮਜੀਤ ਸਿੰਘ ਉਰਫ ਵਿੱਕੀ ਤੇ ਫਿਰੋਜ਼ਪੁਰ ਦੇ ਪਿੰਡ ਲੁਬੜੀਵਾਲ ਦਾ ਸੰਦੀਪ ਕੁਮਾਰ ਉਰਫ ਨਿੱਕਾ ਹੈ, ਜਦਕਿ ਫਰਾਰ ਦੋਸ਼ੀਆਂ 'ਚ ਪੀਰੂ ਬੰਦਾ ਦਾ ਵਿਜੇ ਕੁਮਾਰ ਉਰਫ ਅਜੇ, ਫਿਰੋਜ਼ਪੁਰ ਆਵਾ ਬਸਤੀ ਦਾ ਹਰਮਨਦੀਪ ਸਿੰਘ ਨਿੱਕਾ, ਰਵੀ ਕੁਮਾਰ ਤੇ ਰਵੀ ਦਾ ਭਰਾ ਰਾਜੂ ਹੈ। ਸਾਰੇ ਦੋਸ਼ੀ ਉਮਰ 'ਚ 25 ਤੋਂ 30 ਸਾਲ ਦੇ ਵਿਚਕਾਰ ਹਨ।
ਢੋਕੇ ਨੇ ਦੱਸਿਆ ਕਿ ਇਹ ਗੈਂਗ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ 'ਚ ਕਈ ਵਾਰਦਾਤਾਂ 'ਚ ਸ਼ਾਮਿਲ ਰਹਿ ਚੁੱਕਿਆ ਹੈ। ਇਸ ਗੈਂਗ ਦੇ ਫੜੇ ਜਾਣ ਨਾਲ ਲੁਧਿਆਣਾ 'ਚ ਵੱਖ-ਵੱਖ ਬੈਂਕਾਂ ਦੇ ਏ. ਟੀ. ਐੱਮ. ਤੋੜਨ ਤੇ ਚੋਰੀ ਦੇ 10 ਕੇਸ ਸੁਲਝਾ ਲਏ ਗਏ ਹਨ। ਉਨ੍ਹਾਂ ਨੇ ਸੰਭਾਵਨਾ ਪ੍ਰਗਟ ਕੀਤੀ ਕਿ ਪੁੱਛਗਿੱਛ 'ਚ ਹੋਰ ਵੀ ਮਾਮਲੇ ਸੁਲਝ ਸਕਦੇ ਹਨ।
ਕਮਿਸ਼ਨਰ ਨੇ ਦੱਸਿਆ ਕਿ ਤਿੰਨੇ ਦੋਸ਼ੀਆਂ ਨੂੰ ਕਰਾਈਮ ਬਰਾਂਚ ਦੇ ਇੰਚਾਰਜ ਇੰਸਪੈਕਟਰ ਪ੍ਰੇਮ ਸਿੰਘ ਦੀ ਪੁਲਸ ਪਾਰਟੀ ਨੇ ਮਾਧੋਪੁਰੀ ਇਲਾਕੇ ਤੋਂ ਕਾਬੂ ਕੀਤਾ, ਜਦਕਿ ਬਾਕੀ ਦੋਸ਼ੀਆਂ ਨੂੰ ਵੀ ਜਲਦ ਹੀ ਫੜ ਲਿਆ ਜਾਵੇਗਾ। ਇਸ ਗੈਂਗ ਖਿਲਾਫ ਤਿੰਨ ਰਾਜਾਂ 'ਚ 27 ਅਪਰਾਧਿਕ ਮਾਮਲੇ ਦਰਜ ਹਨ। 9 ਕੇਸਾਂ 'ਚ ਅਦਾਲਤ ਨੇ ਇਨ੍ਹਾਂ ਨੂੰ ਭਗੌੜਾ ਕਰਾਰ ਕੀਤਾ ਹੋਇਆ ਹੈ।