ਲੈਕਚਰਾਰ ਤੋਂ ਪਰਸ ਖੋਹ ਕੇ ਫਰਾਰ ਹੋਣ ਵਾਲੇ 2 ਗ੍ਰਿਫ਼ਤਾਰ

09/24/2017 7:59:27 AM

ਪਟਿਆਲਾ (ਬਲਜਿੰਦਰ)  - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਜੂਮਾਜਰਾ ਦੀ ਲੈਕਚਰਾਰ ਜਸਵੀਰ ਕੌਰ ਦਾ ਪਰਸ ਖੋਹ ਕੇ ਫਰਾਰ ਹੋਣ ਵਾਲੇ 2 ਝਪਟਮਾਰਾਂ ਨੂੰ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਥੋੜ੍ਹੇ ਹੀ ਸਮੇਂ ਵਿਚ ਦਬੋਚ ਲਿਆ। ਦੋਵਾਂ ਤੋਂ ਪਰਸ ਵਿਚ ਪਏ 4 ਹਜ਼ਾਰ ਰੁਪਏ, ਇਕ ਮੋਬਾਇਲ ਫੋਨ, ਇਕ ਜੋੜਾ ਟਾਪਸ, ਸ਼ਨਾਖਤੀ ਕਾਰਡ ਬਰਾਮਦ ਹੋ ਚੁੱਕਾ ਹੈ। ਇਸ ਮਾਮਲੇ ਵਿਚ ਪੁਲਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂ ਕਿ ਇਕ ਦੀ ਭਾਲ ਅਜੇ ਜਾਰੀ ਹੈ। ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਬੀਤੇ ਕੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਜੂਮਾਜਰਾ ਦੀ ਲੈਕਚਰਾਰ ਜਸਵੀਰ ਕੌਰ ਡਿਊਟੀ ਤੋਂ ਬਾਅਦ ਆਪਣੇ ਘਰ ਨੂੰ ਜਾ ਰਹੀ ਸੀ,  3 ਮੋਟਰਸਾਈਕਲ ਸਵਾਰ ਨੌਜਵਾਨ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ। ਜਿਉਂ ਹੀ ਇਸ ਦੀ ਸੂਚਨਾ ਥਾਣਾ ਸਦਰ ਪਟਿਆਲਾ ਦੇ ਐੱਸ. ਐੈੱਚ. ਓ. ਇੰਸ. ਜਸਵਿੰਦਰ ਸਿੰਘ ਟਿਵਾਣਾ ਨੂੰ ਮਿਲੀ ਤਾਂ ਉੁਨ੍ਹਾਂ ਨੇ ਏ. ਐੱਸ. ਆਈ. ਜਗਰੂਪ ਸਿੰਘ ਨਾਲ ਮਿਲ ਕੇ ਇਸ ਦੀ ਤਫਤੀਸ਼ ਸ਼ੁਰੂ ਕੀਤੀ। ਘਟਨਾ ਨੂੰ ਅੰਜਾਮ ਦੇਣ ਵਾਲੇ ਸਰਬਦੇਵ ਸਿੰਘ ਜੋਨੀ ਵਾਸੀ ਆਲਮਪੁਰ ਅਤੇ ਸੰਜੀਵ ਕੁਮਾਰ ਸ਼ੰਟੀ ਵਾਸੀ ਬਹਾਦਰਗੜ੍ਹ ਨੂੰ ਗ੍ਰਿਫ਼ਤਾਰ ਕਰ ਕੇ ਉੁਨ੍ਹਾਂ ਤੋਂ 4 ਹਜ਼ਾਰ ਰੁਪਏ, ਇਕ ਮੋਬਾਇਲ ਫੋਨ, ਪਰਸ, ਇਕ ਜੋੜਾ ਟਾਪਸ ਅਤੇ ਸ਼ਨਾਖਤੀ ਕਾਰਡ ਬਰਾਮਦ ਕਰ ਲਿਆ।  ਡੀ. ਐੱਸ. ਪੀ. ਧਾਲੀਵਾਲ ਨੇ ਦੱਸਿਆ ਕਿ ਇਸ ਵਾਰਦਾਤ ਵਿਚ ਸ਼ਾਮਲ ਤੀਜਾ ਵਿਅਕਤੀ ਨਵਜੋਤ ਸਿੰਘ ਵਾਸੀ ਪ੍ਰੋਫੈਸਰ ਕਾਲੋਨੀ ਅਜੇ ਫਰਾਰ ਹੈ, ਜਿਸ ਦੀ ਭਾਲ ਜਾਰੀ ਹੈ। ਉੁਨ੍ਹਾਂ ਦੱਸਿਆ ਕਿ ਇਹ ਤਿੰਨੋਂ ਵਿਅਕਤੀ ਮਿਲ ਕੇ ਲੁੱਟਾਂ-ਖੋਹਾਂ ਅਤੇ ਝਪਟਮਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ। ਇਹ ਇਕੱਲੀ ਔਰਤ ਨੂੰ ਦੇਖ ਕੇ ਉਸ ਦਾ ਪਰਸ ਖੋਹ ਕੇ ਫਰਾਰ ਹੋ ਜਾਂਦੇ ਸਨ। ਇਨ੍ਹਾਂ ਤੋਂ ਖੋਹੇ ਹੋਏ 4 ਮੋਬਾਇਲ ਬਰਾਮਦ ਕੀਤੇ ਗਏ ਹਨ।
ਉੁਨ੍ਹਾਂ ਦੱਸਿਆ ਕਿ ਇਨ੍ਹਾਂ ਖਿਲਾਫ ਹਰਿਆਣਾ ਵਿਚ ਵੀ ਖੋਹ ਅਤੇ ਝਪਟਮਾਰੀ ਦੇ ਕੇਸ ਦਰਜ ਹਨ। ਡੀ. ਐੱਸ. ਪੀ. ਧਾਲੀਵਾਲ ਨੇ ਦੱਸਿਆ ਕਿ ਮੋਬਾਇਲ ਕਿੱਥੋਂ ਖੋਹੇ ਗਏ ਅਤੇ ਹੋਰ ਵਾਰਦਾਤਾਂ ਕਿੱਥੇ-ਕਿੱਥੇ ਕੀਤੀਆਂ ਗਈਆਂ। ਇਸ ਦੀ ਜਾਂਚ ਅਜੇ ਜਾਰੀ ਹੈ। ਇਸ ਮੌਕੇ ਉੁਨ੍ਹਾਂ ਨਾਲ ਐੱਸ. ਐੈੱਚ. ਓ. ਸਦਰ ਪਟਿਆਲਾ ਇੰਸ. ਜਸਵਿੰਦਰ ਸਿੰਘ ਟਿਵਾਣਾ ਵੀ ਹਾਜ਼ਰ ਸਨ।