ਈਜ਼ੀ-ਡੇਅ ਦਾ ਸ਼ਟਰ ਤੋਡ਼ ਸੇਫ ਤੱਕ ਪਹੁੰਚੇ ਚੋਰ, ਅਲਾਰਮ ਵੱਜਿਆ ਮਲੇਸ਼ੀਆ ’ਚ

07/12/2018 5:03:44 AM

ਲੁਧਿਆਣਾ(ਰਿਸ਼ੀ)- ਪੱਖੋਵਾਲ ਰੋਡ ’ਤੇ ਸਟੇਡੀਅਮ ਨੇਡ਼ੇ ਬਣੇ ਇਜ਼ੀ-ਡੇ ਸਟੋਰ ਵਿਚ ਸੋਮਵਾਰ ਦੇਰ ਰਾਤ ਸ਼ਟਰ ਤੋਡ਼ ਕੇ ਦੋ ਚੋਰ ਸੇਫ ਤੱਕ ਪਹੁੰਚ ਗਏ। ਇਸ ਤੋਂ ਪਹਿਲਾਂ ਕਿ ਸੇਫ ਤੋਡ਼ਨ ’ਚ ਕਾਮਯਾਬ ਹੁੰਦੇ, ਮਲੇਸ਼ੀਆ ਸਥਿਤ ਹੈੱਡ ਆਫਿਸ ਵਿਚ ਅਲਾਰਮ ਵੱਜ ਗਿਆ। ਜਿਥੋਂ ਕੰਪਨੀ ਨੇ ਫੋਨ  ਕਰ ਕੇ ਲੁਧਿਆਣਾ ’ਚ ਸਟੋਰ ਦੇ ਮੈਨੇਜਰ ਸੁਰਿੰਦਰ ਨੂੰ ਸੂਚਨਾ ਦਿੱਤੀ, ਜਿਸ ਨੇ ਤੁਰੰਤ ਨਾਲ ਰਹਿਣ ਵਾਲੇ ਵਰਕਰ ਮੋਹਿਤ ਸੂਦ ਨੂੰ ਸਟੋਰ ’ਤੇ ਜਾਣ ਨੂੰ ਕਿਹਾ ਅਤੇ ਪੁਲਸ ਕੰਟਰੋਲ ਰੂਮ ’ਤੇ ਸੂਚਨਾ ਵੀ ਦੇ ਦਿੱਤੀ। ਵਰਕਰ ਮੋਹਿਤ ਸੂਦ ਨੇ  ਦੱਸਿਆ  ਕਿ ਲਗਭਗ 3.15 ਵਜੇ ਜਦ ਉਹ ਸਟੋਰ ਦੇ  ਬਾਹਰ ਪਹੁੰਚਿਆ ਤਾਂ ਸਟੋਰ ਦੀਆਂ ਲਾਈਟਾਂ ਚੱਲ ਰਹੀਆਂ ਸਨ। ਉਸ ਵਲੋਂ ਰੌਲਾ ਪਾਉਣ ’ਤੇ  ਦੋਵੇਂ ਚੋਰ ਬਾਹਰ ਵੱਲ ਭੱਜੇ। ਇਕ ਚੋਰ ਨੇ ਕੱਟਿਆ ਗਿਆ ਤਾਲਾ ਚੁੱਕ ਕੇ ਉਸ ਦੇ ਮਾਰਿਆ,  ਜੋ ਉਸ ਦੇ ਪੈਰ ’ਤੇ ਲੱਗਿਆ ਅਤੇ ਮੋਟਰਸਾਈਕਲ ਬੰਦ ਹੋ ਗਿਆ। ਤਦ ਦੂਜੇ ਚੋਰ ਨੇ ਪਿੱਛੇ  ਤੋਂ ਰਾਡ ਨਾਲ ਹਮਲਾ ਕਰ ਦਿੱਤਾ ਅਤੇ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ।  ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪੁਲਸ ਤੋਂ ਬਚਣ ਲਈ ਦੋਵਾਂ ਨੇ ਜਵੱਦੀ ਨਹਿਰ ਵਿਚ ਛਾਲ ਮਾਰ ਦਿੱਤੀ ਪਰ ਏ. ਐੱਸ. ਆਈ. ਜਗਤਾਰ ਸਿੰਘ ਅਤੇ ਕਾਂਸਟੇਬਲ ਗੁਰਮੇਲ ਸਿੰਘ ਨੇ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਪਿੱਛੇ ਨਹਿਰ ’ਚ ਛਾਲ ਲਗਾ ਕੇ ਇਕ ਚੋਰ ਨੂੰ ਦਬੋਚ ਲਿਆ, ਜਦਕਿ ਦੂਜਾ ਭੱਜਣ ਵਿਚ ਕਾਮਯਾਬ ਹੋ ਗਿਆ।   ਪੱਤਰਕਾਰ ਸੰਮੇਲਨ ਦੌਰਾਨ ਏ. ਡੀ. ਸੀ. ਪੀ. ਸੰਦੀਪ ਸ਼ਰਮਾ ਅਤੇ ਏ. ਸੀ. ਪੀ. ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਫਡ਼ੇ ਗਏ ਚੋਰ ਦੀ ਪਛਾਣ ਸੱਚੂ ਪਾਸਵਨ (27) ਤੇ ਫਰਾਰ ਦੀ ਪਛਾਣ ਸਾਜਨ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਉਨ੍ਹਾਂ ਖਿਲਾਫ ਥਾਣਾ ਦੁੱਗਰੀ ਵਿਚ ਧਾਰਾ-458, 380 ਅਤੇ ਕਾਂਸਟੇਬਲ ਗੁਰਮੇਲ ਸਿੰਘ ਦੇ ਬਿਆਨ ’ਤੇ ਧਾਰਾ-307,353, 186 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਫਡ਼ਿਆ ਗਿਆ ਚੋਰ ਮਜ਼ਦੂਰੀ ਕਰਦਾ ਹੈ, ਪੁਲਸ ਉਸ ਦਾ ਰਿਕਾਰਡ ਖੰਗਾਲ ਰਹੀ ਹੈ। ਪੁਲਸ ਨੇ ਜਾਂਚ ਦੌਰਾਨ ਜਿਥੇ ਨਹਿਰ ਦੇ ਨੇੜਿਓਂ ਲੁੱਟਿਆ  ਹੋਇਆ ਮੋਟਰਸਾਈਕਲ ਬਰਾਮਦ ਕਰ ਲਿਆ, ਉਥੇ ਘਟਨਾ ਸਥਾਨ ’ਤੇ ਨੇਡ਼ੇ ਖਾਲੀ ਪਲਾਟ ’ਚੋਂ ਵੀ  ਮੋਟਰਸਾਈਕਲ ਨੂੰ ਕਬਜ਼ੇ ਵਿਚ ਲੈ ਲਿਆ।
 ਕੈਮਰੇ ’ਚ ਕੈਦ ਹੋਈ ਚੋਰੀ ਦੀ ਹਰਕਤ 
 ਪੁਲਸ ਅਨੁਸਾਰ ਸਟੋਰ ਵਿਚ 8 ਕੈਮਰੇ ਲੱਗੇ ਹੋਏ ਹਨ, ਜਿਨ੍ਹਾਂ ਵਿਚ 5 ਕੈਮਰਿਆਂ ਦੀਆਂ ਚੋਰਾਂ ਨੇ ਤਾਰਾਂ ਕੱਟ ਦਿੱਤੀਆਂ ਤਾਂ ਕਿ ਪੁਲਸ ਨੂੰ ਉਨ੍ਹਾਂ ਦੇ ਬਾਰੇ ਵਿਚ ਕੁਝ ਪਤਾ ਨਾ ਲੱਗ ਸਕੇ। ਫੁਟੇਜ ਵਿਚ ਦਿਖਾਈ ਦੇ ਰਿਹਾ ਹੈ ਕਿ ਰਾਤ 1.40 ਵਜੇ 2 ਚੋਰ ਮੋਟਰਸਾਈਕਲ ’ਤੇ ਸਟੋਰ ਦੇ ਕੋਲ ਆ ਕੇ ਰੁਕਦੇ ਹਨ ਅਤੇ ਆਪਣਾ ਮੋਟਰਸਾਈਕਲ ਸਟੋਰ ਦੇ ਨਾਲ ਖਾਲੀ ਪਲਾਟ ਵਿਚ ਖਡ਼੍ਹਾ ਕਰ ਦਿੰਦੇ ਹਨ। ਸਟੋਰ ਦੇ ਤਾਲੇ ਕੱਟ ਕੇ ਸ਼ਟਰ ਤੋਡ਼ਨ ’ਚ ਉਨ੍ਹਾਂ ਨੂੰ 40 ਮਿੰਟ ਦਾ ਸਮਾਂ ਲੱਗਦਾ ਹੈ। ਇਸ ਦੇ ਬਾਅਦ ਉਹ ਅੰਦਰ ਵਡ਼ਦੇ ਹੋਏ ਸੇਫ ਦੇ ਕੋਲ ਪਹੁੰਚਦੇ ਹਨ ਅਤੇ ਉਸ ਨੂੰ ਤੋਡ਼ਨ ਦਾ ਯਤਨ ਕਰਦੇ ਹਨ ਪਰ ਕੰਪਨੀ ਦੇ ਹਾਈਟੈਕ ਸਿਸਟਮ ਕਾਰਨ ਵਾਰਦਾਤ ’ਚ ਸਫਲ ਹੋਣ ਤੋਂ ਪਹਿਲਾਂ ਹੀ ਫੇਲ ਹੋ ਜਾਂਦੇ ਹਨ। 
ਹਾਈਟੈੱਕ ਸਿਸਟਮ ਅੱਗੇ ਹਾਰੇ ਚੋਰ 
 ਚੋਰ ਕੰਪਨੀ ਦੇ ਹਾਈਟੈੱਕ ਸਿਸਟਮ ਅੱਗੇ ਫੇਲ ਹੋ ਗਏ, ਕਿਉਂਕਿ ਜਦ ਇਹ ਸੇਫ ਨੂੰ ਤੋਡ਼ਨ ਲੱਗੇ ਤਾਂ ਸਟੋਰ ਦੇ ਅੰਦਰ ਅਲਾਰਮ ਵੱਜਿਆ ਪਰ ਉਨ੍ਹਾਂ ਨੇ ਉਸ ਨੂੰ ਤੋਡ਼ ਦਿੱਤਾ ਅਤੇ ਇਹ ਸੋਚ ਕੇ ਬੇਫਿਕਰ ਹੋ ਗਏ ਕਿ ਹੁਣ ਕਿਸੇ ਨੂੰ ਪਤਾ ਨਹੀਂ ਲੱਗੇਗਾ। ਉਨ੍ਹਾਂ ਨੂੰ ਕੀ ਪਤਾ ਸੀ ਇੰਨੀ ਵੱਡੀ ਕੰਪਨੀ ਦਾ ਸਿਸਟਮ ਕਾਫੀ ਹਾਈਟੈੱਕ ਹੈ। 
ਪ੍ਰਸ਼ੰਸਾ ਪੱਤਰ ਦੇਣ ਦੀ ਸਿਫਾਰਿਸ਼
 ਏ. ਡੀ. ਸੀ. ਪੀ. ਸੰਦੀਪ ਸ਼ਰਮਾ ਅਨੁਸਾਰ ਚੋਰਾਂ ਦਾ ਪਿੱਛਾ ਕਰ ਕੇ ਨਹਿਰ ਵਿਚ ਛਾਲ ਲਗਾ ਕੇ ਇਕ ਨੂੰ ਕਾਬੂ ਕਰਨ ਦੀ ਬਹਾਦਰੀ ਦਿਖਾਉਣ ਵਾਲੇ ਏ. ਐੱਸ. ਆਈ. ਜਗਤਾਰ ਸਿੰਘ, ਕਾਂਸਟੇਬਲ ਗੁਰਮੇਲ ਸਿੰਘ, ਕਾਂਸਟੇਬਲ ਪ੍ਰਦੀਪ ਸਿੰਘ ਅਤੇ ਹੋਮਗਾਰਡ ਦੇ ਸ਼ਾਮ ਲਾਲ ਨੂੰ ਵਿਭਾਗ ਵਲੋਂ ਬਣਦਾ ਸਨਮਾਨ ਅਤੇ ਪ੍ਰਸ਼ੰਸਾ ਪੱਤਰ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ।