ਇੰਟੀਰੀਅਰ ਡੈਕੋਰੇਟਰ ਦੇ ਘਰ ਲੱਖਾਂ ਦੀ ਚੋਰੀ, ਮੰਦਰ ''ਚ 250 ਰੁਪਏ ਰੱਖ ਕੇ ਗਏ ਚੋਰ

11/19/2019 3:17:03 PM

ਲੁਧਿਆਣਾ (ਮਹੇਸ਼) : ਜ਼ਿਲਾ ਪੁਲਸ ਦੇ ਸਾਰੇ ਸੁਰੱਖਿਆ ਪ੍ਰਬੰਧਾਂ ਨੂੰ ਟਿੱਚ ਜਾਣਦੇ ਹੋਏ ਚੋਰ ਸਦਰ ਦੇ ਬਸੰਤ ਸਿਟੀ ਇਲਾਕੇ 'ਚ ਬੀਤੇ ਦਿਨੀਂ ਇੰਟੀਰੀਅਰ ਡੈਕੋਰੇਟਰ ਅੰਕੁਰ ਗੁਪਤਾ ਦੇ ਘਰ ਹੱਥ ਸਾਫ ਕਰ ਗਏ। ਕਿਚਨ ਦੀ ਗਰਿੱਲ ਰਾਹੀਂ ਘਰ 'ਚ ਦਾਖਲ ਹੋਏ ਨਕਾਬਪੋਸ਼ ਚੋਰ 99,000 ਰੁਪਏ ਕੈਸ਼, 326 ਗ੍ਰਾਮ ਡਾਇਮੰਡ ਅਤੇ ਸੋਨੇ ਦੇ ਗਹਿਣੇ, 2 ਕਿਲੋ ਚਾਂਦੀ ਸਮੇਤ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ ਪਰ ਉਨ੍ਹਾਂ ਦੀ ਇਹ ਕਰਤੂਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ, ਜਿਸ ਦੇ ਆਧਾਰ 'ਤੇ ਪੁਲਸ ਨੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਰਿਵਾਰ ਦਿੱਲੀ ਗਿਆ ਸੀ ਵਿਆਹ 'ਚ
ਅੰਕੁਰ ਬੀਤੇ ਹਫਤੇ ਵੀਰਵਾਰ ਨੂੰ ਉਹ ਆਪਣੇ ਇਕ ਰਿਸ਼ਤੇਦਾਰ ਦੇ ਵਿਆਹ ਸਮਾਗਮ 'ਚ ਦਿੱਲੀ ਪਰਿਵਾਰ ਸਮੇਤ ਗਏ ਸਨ। ਸ਼ਨੀਵਾਰ ਨੂੰ ਜਦੋਂ ਉਹ ਵਾਪਸ ਘਰ ਪਰਤੇ ਤਾਂ ਘਟਨਾ ਦਾ ਪਤਾ ਲੱਗਾ, ਜਿਸ ਦੀ ਜਾਣਕਾਰੀ ਉਨ੍ਹਾਂ ਤੁਰੰਤ ਪੁਲਸ ਨੂੰ ਦਿੱਤੀ। ਅੰਕੁਰ ਨੇ ਦੱਸਿਆ ਕਿ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ, ਕਿਚਨ ਦੀ ਗਰਿੱਲ ਟੁੱਟੀ ਹੋਈ ਸੀ। ਬੈੱਡਰੂਮ 'ਚ ਪਈ ਅਲਮਾਰੀ ਦੇ ਲਾਕ ਟੁੱਟੇ ਹੋਏ ਸਨ। ਉਸ ਵਿਚ ਪਿਆ ਕੈਸ਼, ਸੋਨੇ-ਚਾਂਦੀ ਅਤੇ ਡਾਇਮੰਡ ਦੇ ਗਹਿਣੇ ਗਾਇਬ ਸਨ। ਪੁਲਸ ਦਾ ਕਹਿਣਾ ਹੈ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਚੋਰੀ ਦਾ ਕੇਸ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਪਰਾਧੀਆਂ ਨੂੰ ਫੜਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

15 ਅਤੇ 16 ਨਵੰਬਰ ਦੀ ਦਰਮਿਆਨੀ ਰਾਤ ਨੂੰ ਹੋਈ ਚੋਰੀ
ਅੰਕੁਰ ਨੇ ਦੱਸਿਆ ਕਿ ਚੋਰੀ ਦੀ ਇਸ ਵਾਰਦਾਤ ਨੂੰ 15 ਅਤੇ 16 ਨਵੰਬਰ ਦੀ ਰਾਤ ਨੂੰ ਅੰਜਾਮ ਦਿੱਤਾ ਗਿਆ। ਸੀ. ਸੀ. ਟੀ. ਵੀ. ਦੀ ਫੁਟੇਜ ਚੈੱਕ ਕਰਨ 'ਤੇ ਪਤਾ ਲੱਗਾ ਕਿ ਚੋਰ ਕਰੀਬ 2 ਘੰਟੇ ਤੱਕ ਘਰ 'ਚ ਰਹੇ ਅਤੇ ਇਸ ਦੌਰਾਨ ਨਾ ਤਾਂ ਪੁਲਸ ਨੂੰ ਭਿਣਕ ਪਈ ਅਤੇ ਨਾ ਹੀ ਕਿਸੇ ਆਂਢ-ਗੁਆਂਢ ਨੂੰ। ਚੋਰ ਦਰਮਿਆਨੀ ਰਾਤ ਤੋਂ ਬਾਅਦ 1.15 ਵਜੇ ਘਰ 'ਚ ਦਾਖਲ ਹੋਏ ਅਤੇ 3.15 ਵਜੇ ਬਾਹਰ ਨਿਕਲੇ। ਚੋਰਾਂ ਨੇ ਤਸੱਲੀ ਨਾਲ ਘਰ ਦਾ ਕੋਨਾ-ਕੋਨਾ ਦੇਖਿਆ ਅਤੇ ਵਾਰਦਾਤ ਕਰ ਕੇ ਆਰਾਮ ਨਾਲ ਚੱਲਦੇ ਬਣੇ।

ਇਕ ਮੁਲਜ਼ਮ ਬਾਹਰ ਕਰਦਾ ਰਿਹਾ ਨਿਗਰਾਨੀ
ਗੁਪਤਾ ਨੇ ਚੋਰਾਂ ਦੀ ਗਿਣਤੀ 3 ਦੱਸੀ ਸੀ। ਕਰੀਬ ਸਵਾ ਘੰਟਾ ਇਕ ਚੋਰ ਬਾਹਰ ਖੜ੍ਹਾ ਨਿਗਰਾਨੀ ਕਰਦਾ ਸੀ, ਜਦੋਂਕਿ ਉਸ ਦੇ 2 ਹੋਰ ਸਾਥੀ ਘਰ 'ਚ ਦਾਖਲ ਹੋਏ। ਉਸ ਤੋਂ ਬਾਅਦ ਉਹ ਵੀ ਘਰ 'ਚ ਦਾਖਲ ਹੋ ਗਿਆ। ਤਿੰਨੋਂ ਚੋਰ ਪੂਰੀ ਤਰ੍ਹਾਂ ਹਥਿਆਰਾਂ ਨਾਲ ਲੈਸ ਸਨ। ਅੰਕੁਰ ਨੇ ਦੱਸਿਆ ਕਿ ਇਹ ਉਸ ਦੀ ਸਮਝ ਤੋਂ ਪਰ੍ਹੇ ਹੈ ਕਿ ਜਿੱਥੇ ਇਕ ਪਾਸੇ ਚੋਰ ਉਸ ਦਾ ਕੰਪਿਊਟਰ ਅਤੇ ਪਿਓਰੀਫਾਈ ਵਾਟਰ ਮਸ਼ੀਨ ਚੋਰੀ ਕਰ ਕੇ ਲੈ ਗੲੇ, ਉੱਥੇ ਹੀ ਮੰਦਰ 'ਚ ਪਏ ਸਾਮਾਨ ਨੂੰ ਹੱਥ ਤੱਕ ਨਹੀਂ ਲਾਇਆ। ਇੰਨਾ ਹੀ ਨਹੀਂ ਜਾਂਦੇ ਸਮੇਂ ਮੰਦਰ 'ਚ 250 ਰੁਪਏ ਮੱਥਾ ਟੇਕ ਕੇ ਗਏ। ਉਨ੍ਹਾਂ ਦੱਸਿਆ ਕਿ ਘਟਨਾ ਦੌਰਾਨ ਚੋਰਾਂ ਦਾ ਆਪਸ ਵਿਚ ਝਗੜਾ ਵੀ ਹੋਇਆ ਕਿਉਂਕਿ ਇਕ ਚੋਰ ਵਾਰ-ਵਾਰ ਆਪਣਾ ਨਕਾਬ ਉਤਾਰ ਰਿਹਾ ਸੀ ਅਤੇ ਉਸ ਦੇ ਸਾਥੀ ਉਸ ਨੂੰ ਅਜਿਹਾ ਕਰਨ ਤੋਂ ਮਨ੍ਹਾ ਕਰ ਰਹੇ ਸਨ।
 

Anuradha

This news is Content Editor Anuradha