ਸ਼੍ਰੋਮਣੀ ਕਮੇਟੀ ਦੇ ਵਿਸ਼ੇਸ਼ ਇਜਲਾਸ ਦੌਰਾਨ ਹਰਿਆਣਾ ਗੁਰਦੁਆਰਾ ਐਕਟ ਨੂੰ ਲੈ ਕੇ ਪਾਸ ਹੋਏ 6 ਪ੍ਰਸਤਾਵ

10/01/2022 12:01:43 PM

ਅੰਮ੍ਰਿਤਸਰ : ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਮਾਨਤਾ ਦੇਣ ਵਾਲੇ ਫ਼ੈਸਲੇ ਵਿਰੁੱਧ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਵਲੋਂ ਵਿਸ਼ੇਸ਼ ਇਜਲਾਸ ਕੀਤਾ ਗਿਆ। ਇਸ ਦੌਰਾਨ ਅਹਿਮ ਮਤੇ ਪਾਸ ਕਰਦਿਆਂ ਹਰ ਪੱਧਰ ’ਤੇ ਤਿੱਖੇ ਸੰਘਰਸ਼ ਲੜਨ ਦਾ ਐਲਾਨ ਕੀਤਾ ਗਿਆ। ਇਹ ਵਿਸ਼ੇਸ਼ ਇਜਲਾਸ ਇਤਿਹਾਸਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਹੋਇਆ, ਜਿਸ ’ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ 90 ਦੇ ਕਰੀਬ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਅਹਿਮ 6 ਮਤੇ ਪ੍ਰਸਤਾਵ ਕੀਤੇ ਗਏ, ਜਿਵੇਂ

1 ਪ੍ਰਸਤਾਵ - ਹਰਿਆਣਾ ਕਮੇਟੀ ਨੂੰ ਮਾਨਤਾ ਦੇਣਾ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ, ਜਿਸ ਨੂੰ ਕਿਸੇ ਕੀਮਤ ’ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

2 ਪ੍ਰਸਤਾਵ- ਸ਼੍ਰੋਮਣੀ ਕਮੇਟੀ ਨੂੰ ਤੋੜਨ ਲਈ ਸਿੱਖ ਵਿਰੋਧੀ ਤਾਕਤਾਂ ਮਿਲ ਕੇ ਕੰਮ ਕਰ ਰਹੀਆਂ ਹਨ। ਕਾਂਗਰਸ ਪਹਿਲਾਂ ਤੋਂ ਹੀ ਸਿੱਖ ਵਿਰੋਧੀ ਰਹੀ ਹੈ ਅਤੇ ਹੁਣ ਭਾਜਪਾ ਅਤੇ ਆਰ.ਐੱਸ.ਐੱਸ. ਵੀ ਇਸੇ ਕਦਮ ’ਤੇ ਚੱਲ ਰਹੀਆਂ ਹਨ। ਹਰਿਆਣਾ ਐਕਟ ਨੂੰ ਆਰ.ਐੱਸ.ਐੱਸ. ਦੀ ਸ਼ੈਅ ’ਤੇ ਮਾਨਤਾ ਦਿੱਤੀ ਗਈ ਹੈ।

3 ਪ੍ਰਸਤਾਵ- ਚੀਫ ਜਸਟੀਸ ਯੂਯੂ ਲਲਿਤ ਤੋਂ ਮੰਗ ਕੀਤੀ ਗਈ ਹੈ ਕਿ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਐਕਟ 2014 ਰਾਜਨੀਤੀ ਤੋਂ ਪ੍ਰੇਰਿਤ ਹੈ, ਜਿਸ ’ਤੇ ਮੁੜ ਵਿਚਾਰ ਚਰਚਾ ਕਰਨੀ ਚਾਹੀਦੀ ਹੈ। ਇਹ ਐਕਟ ਸਿੱਖ ਗੁਰਦੁਆਰਾ ਐਕਟ 1925 ’ਚ ਸਿੱਧਾ ਦਖ਼ਲ ਹੈ। ਇਸ ਮਾਮਲੇ ਦੇ ਸਬੰਧ ’ਚ 5 ਮੈਂਬਰੀ ਸਵੈਧਾਨਿਕ ਬੈਂਚ ਦੇ ਜ਼ਰਿਏ ਐੱਸ.ਜੀ.ਪੀ.ਸੀ. ਦਾ ਪੱਖ ਸੁਣਿਆ ਜਾਵੇਗਾ।

4 ਪ੍ਰਸਤਾਵ- ਗ੍ਰਹਿ ਮੰਤਰੀ 1025 ਐਕਟ ’ਚ ਦਖ਼ਲ ਦੇਣ ਵਾਲੇ ਹਰਿਆਣਾ ਕਮੇਟੀ ਐਕਟ 2014 ਨੂੰ ਰੱਦ ਕਰਨ ਲਈ ਸੰਸਦ ਅੰਦਰ ਆਰਡੀਨੈਂਸ ਪਾਸ ਕਰਨ। ਭਾਰਤ ਸਰਕਾਰ ਵੱਲੋਂ ਸੁਪਰੀਮ ਕੋਰਟ ਅੰਦਰ ਰੀਵਿਊ ਪਟੀਸ਼ਨ ਪਾਈ ਜਾਵੇ। 

5 ਪ੍ਰਸਤਾਵ- 4 ਅਕਤੂਬਰ ਨੂੰ ਐੱਸ.ਜੀ.ਪੀ.ਸੀ. ਦਫ਼ਤਰ ਤੋਂ ਡੀ.ਸੀ. ਦਫ਼ਤਰ ਤੱਕ ਰੋਸ ਮਾਰਚ ਕਰਦੇ ਹੋਏ ਮੰਗ ਪੱਤਰ ਸੌਂਪਿਆ ਜਾਵੇਗਾ। ਸੰਗਤਾਂ ਨੂੰ ਜਾਗਰੂਕ ਕਰਨ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਮਾਰਚ ਕੱਢਿਆ ਜਾਵੇਗਾ। ਹਰਿਆਣਾ ਦੇ ਮੁੱਖ ਮੰਤਰੀ ਦਾ ਘਿਰਾਓ ਕਰਨ ਦੇ ਨਾਲ-ਨਾਲ ਕਮੇਟੀ ਦੇ ਮੈਂਬਰਾਂ ਵਲੋਂ ਦਿੱਲੀ ਵਿਖੇ ਧਰਨਾ ਦਿੱਤਾ ਜਾਵੇਗਾ।

6 ਪ੍ਰਸਤਾਵ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਿੱਖ ਸੰਪਰਦਾਵਾਂ, ਸਭਾ, ਸੋਸਾਇਟੀਆਂ, ਗੁਰਮਤਿ ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ ਆਦਿ ਨਾਲ ਮੁਲਾਕਾਤ ਕਰਕੇ ਵਿਚਾਰ ਚਰਚਾ ਕਰਨ। ਫਿਰ ਪੰਜ ਸਿੰਘ ਸਹਿਬਾਨਾਂ ਨਾਲ ਬੈਠਕ ਕਰਨ। 
 

rajwinder kaur

This news is Content Editor rajwinder kaur