''ਪੰਜਾਬ ''ਚ ਅੱਤਵਾਦ ਦੇ ਸਰਗਰਮ ਹੋਣ ਦੀ ਕੋਈ ਸੰਭਾਵਨਾ ਨਹੀਂ''

11/05/2017 6:15:44 AM

ਫਗਵਾੜਾ, (ਜਲੋਟਾ)- ਪੰਜਾਬ 'ਚ ਅੱਤਵਾਦ ਦੇ ਕਾਲੇ ਦੌਰ 'ਚ ਸਰਗਰਮ ਰਹੇ ਖੂੰਖਾਰ ਅੱਤਵਾਦੀ ਸੰਗਠਨਾਂ ਨਾਲ ਸਬੰਧਤ ਰਹੇ ਕੁਝ ਕੱਟੜ ਪੰਥੀਆਂ ਵਲੋਂ ਹੁਣ ਸੂਬੇ 'ਚ ਦੋ ਗੈਂਗਸਟਰਾਂ ਦੀ ਮਦਦ ਨਾਲ ਹੱਤਿਆਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਹ ਖੁਲਾਸਾ ਅੱਜ ਫਗਵਾੜਾ ਵਿਚ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਐੱਸ. ਪੀ. ਦਫਤਰ ਵਿਖੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਇਹ ਗੰਭੀਰ ਘਟਨਾ ਚੱਕਰ ਹੈ ਪਰ ਪੁਲਸ ਤੰਤਰ ਹਰ ਪੱਧਰ 'ਤੇ ਮੁਸਤੈਦ ਹੈ।
ਡੀ. ਜੀ. ਪੀ. ਨੇ ਕਿਹਾ ਕਿ ਪੰਜਾਬ 'ਚ 6 ਵੱਡੇ ਗੈਂਗ ਸਰਗਰਮ ਹਨ, ਜਿਨ੍ਹਾਂ ਨੂੰ ਪੁਲਸ ਨੇ ਏ-ਕੈਟਾਗਿਰੀ 'ਚ ਰੱਖਿਆ ਹੈ। ਇਨ੍ਹਾਂ ਗੈਂਗ ਦੇ ਗੈਂਗਸਟਰਾਂ ਦੀ ਗ੍ਰਿਫਤਾਰੀ ਲਈ ਪ੍ਰਾਂਤਾਂ ਦੀ ਪੁਲਸ ਤਤਪਰ ਹੈ ਅਤੇ ਕਈ ਆਪ੍ਰੇਸ਼ਨ ਤੇ ਇਨ ਕਾਉੂਂਟਰ ਲਗਾਤਾਰ ਹੋ ਰਹੇ ਹਨ, ਜਿਨ੍ਹਾਂ ਕਰਕੇ ਇਨ੍ਹਾਂ ਦੀ ਗ੍ਰਿਫਤਾਰੀ ਜਲਦ ਤੋਂ ਜਲਦ ਸੰਭਵ ਹੋ ਸਕੇ। 
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਕੋਕਾ ਲਾਗੂ ਹੋਣ ਤੋਂ ਬਾਅਦ ਪੁਲਸ ਨੂੰ ਗੈਂਗਸਟਰਾਂ ਖਿਲਾਫ ਕਾਰਵਾਈ ਕਰਨ 'ਚ ਬਹੁਤ ਸਹਾਇਤਾ ਮਿਲੀ । ਮੌਜੂਦਾ ਹਾਲਾਤ 'ਚ ਗੈਂਗਸਟਰਾਂ ਨੂੰ ਅਦਾਲਤ 'ਚ ਸਜ਼ਾ ਦਿਵਾਉਣ 'ਚ ਪੁਲਸ ਦਾ ਰਿਕਾਰਡ ਬਹੁਤ ਖਰਾਬ ਹੈ। ਇਨ੍ਹਾਂ ਹਾਲਾਤਾਂ 'ਚ ਪਕੋਕਾ ਜਿਹੇ ਸਖਤ ਕਾਨੂੰਨ ਦਾ ਲਾਗੂ ਹੋਣਾ ਸਮੇਂ ਦੀ ਮਜ਼ਬੂਤ ਮੰਗ ਹੈ। ਪੁਲਸ ਮੁਖੀ ਵੀ ਪੰਜਾਬ 'ਚ ਪਕੋਕਾ ਲਗਾਉਣ ਦੇ ਪੂਰੀ ਤਰ੍ਹਾਂ ਨਾਲ ਪੱਖ 'ਚ ਹਨ। ਪੰਜਾਬ 'ਚ ਅੱਤਵਾਦ ਦੇ ਮੁੜ ਤੋਂ ਸਰਗਰਮ ਹੋਣ ਦੀ ਸੰਭਾਵਨਾ ਨਹੀਂ ਹੈ। ਕੁਝ ਕੱਟੜਪੰਥੀ ਤਾਕਤਾਂ ਪੰਜਾਬ ਦੀ ਅਮਨ-ਸ਼ਾਂਤੀ ਨੂੰ ਖਰਾਬ ਕਰਨ ਵਿਚ ਜੀਅ ਤੋੜ ਕੋਸ਼ਿਸ਼ਾਂ ਕਰ ਰਹੀਆਂ ਹਨ ਪਰ ਉਨ੍ਹਾਂ ਨੂੰ ਨਹੀਂ ਲੱਗਦਾ ਹੈ ਕਿ ਪੰਜਾਬ 'ਚ ਦੁਬਾਰਾ ਅੱਤਵਾਦ ਪੈਦਾ ਹੋਵੇਗਾ ਅਤੇ ਜੋ ਹਾਲਾਤ 1980 ਦੇ ਦਹਾਕੇ 'ਚ ਦੇਖਣ ਨੂੰ ਮਿਲੇ ਸਨ ਉਹ ਕਦੇ ਮੁੜ ਤੋਂ ਸੁਰਜੀਤ ਹੋਣਗੇ। ਆਰ. ਐੱਸ. ਐੱਸ. ਅਤੇ ਹਿੰਦੂ ਸੰਗਠਨਾਂ ਦੇ ਮੁਖੀਆਂ ਦੀਆਂ ਹੱਤਿਆਵਾਂ ਦੇ ਮਾਮਲਿਆਂ ਦੀ ਜਾਂਚ 'ਚ ਐੱਸ. ਆਈ. ਟੀ. ਟੀਮਾਂ ਜੁਟੀਆਂ। ਉਨ੍ਹਾਂ ਸਵੀਕਾਰ ਕੀਤਾ ਕਿ ਪੰਜਾਬ 'ਚ ਕੁਝ ਮਾਮਲਿਆਂ 'ਚ ਗਠਿਤ ਹੋਈ ਪੁਲਸ ਦੀਆਂ ਐੱਸ. ਆਈ. ਟੀ. ਟੀਮਾਂ ਜ਼ਿਆਦਾ ਸਫਲਤਾ ਪ੍ਰਾਪਤ ਨਹੀਂ ਕਰ ਸਕੀਆਂ ਹਨ ਪਰ ਅਜਿਹੇ ਅਨੇਕ ਕੇਸ ਹਨ, ਜਿਥੇ ਐੱਸ. ਆਈ. ਟੀ. ਦੀ ਕਾਰਜਸ਼ੈਲੀ ਬਿਹਤਰੀਨ ਹੈ।
ਪੁਲਸ ਡਰੱਗ ਸਮੱਗਲਰਾਂ ਨੂੰ ਸਜ਼ਾ ਦਵਾਉਣ 'ਚ ਦੇਸ਼ 'ਚ ਸਭ ਤੋਂ ਅੱਗੇ
ਪੰਜਾਬ 'ਚ ਜਾਰੀ ਡਰੱਗ ਦਾ ਕਾਰੋਬਾਰ ਤੇ ਇਸ 'ਚ ਸ਼ਾਮਲ ਪੁਲਸ ਦੇ ਕਈ ਅਧਿਕਾਰੀਆਂ ਦੀਆਂ ਹੋਈਆਂ ਗ੍ਰਿਫਤਾਰੀਆਂ ਨੂੰ ਡੀ. ਜੀ. ਪੀ. ਨੇ ਸਵਿਕਾਰਿਆ ਕਿ ਪੰਜਾਬ ਪੁਲਸ 'ਚ ਕੁਝ ਅਜਿਹੀਆਂ ਕਾਲੀਆਂ ਭੇਡਾਂ ਸਰਗਰਮ ਹਨ, ਜੋ ਕਾਲੇ ਕਾਰੋਬਾਰ 'ਚ ਸ਼ਾਮਲ ਹਨ। ਸੱਚਾਈ ਹੈ ਕਿ ਪੰਜਾਬ ਪੁਲਸ ਡਰੱਗ ਸਮੱਗਲਰਾਂ ਨੂੰ ਅਦਾਲਤ 'ਚ ਸਜ਼ਾ ਦਵਾਉਣ 'ਚ ਸੂਬੇ ਵਿਚ ਪਹਿਲੇ ਨੰਬਰ 'ਤੇ।
ਪੰਜਾਬ 'ਚ ਕਸ਼ਮੀਰੀ ਅੱਤਵਾਦੀ ਸੰਗਠਨਾਂ ਦੀ ਮੂਵਮੈਂਟ ਜ਼ੀਰੋ
ਉਨ੍ਹਾਂ ਕਿਹਾ ਕਿ ਪੰਜਾਬ 'ਚ ਕਸ਼ਮੀਰੀ ਅੱਤਵਾਦੀ ਸੰਗਠਨਾਂ ਜਿਨ੍ਹਾਂ 'ਚ ਲਸ਼ਕਰ-ਏ-ਤੋਇਬਾ 'ਤੇ ਜੈਸ਼-ਏ-ਮੁਹੰਮਦ ਦੀ ਮੂਵਮੈਂਟ ਪੂਰੀ ਤਰ੍ਹਾਂ ਜ਼ੀਰੋ ਹੈ। ਪੰਜਾਬ ਪੁਲਸ ਨੇ ਪਹਿਲਾਂ ਗੁਰਦਾਸਪੁਰ ਤੇ ਪਠਾਨਕੋਟ 'ਚ ਹੋਏ ਅੱਤਵਾਦੀ ਹਮਲਿਆਂ 'ਚ ਬਹੁਤ ਕੁਝ ਸਿੱਖਿਆ ਹੈ। ਵਰਤਮਾਨ 'ਚ ਪੁਲਸ ਤੰਤਰ ਅਜਿਹੇ ਅੱਤਵਾਦੀ ਹਮਲਿਆਂ ਦੇ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਮੌਕੇ ਆਈ. ਜੀ. ਜਲੰਧਰ ਜ਼ੋਨ, ਅਰਪਿਤ ਸ਼ੁਕਲਾ, ਡੀ. ਆਈ. ਜੀ. ਜਲੰਧਰ ਰੇਂਜ ਜਸਕਰਨ ਸਿੰਘ, ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਅਤੇ ਐੱਸ. ਪੀ. ਫਗਵਾੜਾ, ਪੀ. ਐੱਸ. ਭੰਡਾਲ ਸਣੇ ਕਈ ਪੁਲਸ ਅਧਿਕਾਰੀ ਮੌਜੂਦ ਸਨ।