ਟਰੇਨ ਦੇ ਏ. ਸੀ. ਕੋਚ ''ਚ ਹਜ਼ਾਰਾਂ ਦੀ ਚੋਰੀ, ਰੇਲ ਮੰਤਰੀ ਕੋਲ ਜਾਵੇਗਾ ਮਾਮਲਾ

07/19/2018 11:37:01 AM

ਲੁਧਿਆਣਾ (ਸਲੂਜਾ) : 'ਬੇਗਮਪੁਰਾ ਐਕਸਪ੍ਰੈੱਸ' ਦੇ ਫਰਸਟ ਤੇ ਸੈਕਿੰਡ ਏ. ਸੀ. ਕੋਚ 'ਚ ਵਾਰਾਣਸੀ ਤੋਂ ਲੁਧਿਆਣਾ ਦਾ ਸਫਰ ਕਰ ਰਹੇ ਯਾਤਰੀਆਂ ਦੇ ਮੋਬਾਇਲ ਤੇ ਹਜ਼ਾਰਾਂ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੋਚ 'ਚ ਸਫਰ ਕਰਨ ਵਾਲੇ ਯਾਤਰੀਆਂ ਨੇ ਲੁਧਿਆਣਾ ਪੁੱਜਣ 'ਤੇ ਜੀ. ਆਰ. ਪੀ. ਪੁਲਸ ਕੋਲ ਐੱਫ. ਆਈ. ਆਰ. ਕਰਵਾਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਅਮਰਦੀਪ ਗਾਂਧੀ ਨੇ ਦੱਸਿਆ ਕਿ ਵਾਰਾਣਸੀ ਤੋਂ ਔਰਤਾਂ ਤੇ ਬੱਚਿਆਂ ਸਮੇਤ ਕੁੱਲ 68 ਯਾਤਰੀ ਵਾਰਾਣਸੀ ਤੋਂ ਲੁਧਿਆਣਾ, ਅੰਬਾਲਾ ਤੇ ਜਲੰਧਰ ਲਈ ਰਵਾਨਾ ਹੋਏ। ਇਹ ਚੋਰੀ ਦੀ ਘਟਨਾ ਸਹਾਰਨਪੁਰ ਨੇੜੇ ਸਵੇਰੇ ਕਰੀਬ 3.30 ਤੋਂ 4 ਵਜੇ ਵਿਚਕਾਰ ਵਾਪਰੀ।
ਗਾਂਧੀ ਨੇ ਦੱਸਿਆ ਕਿ ਉਨ੍ਹਾਂ ਦੇ 6 ਮੋਬਾਇਲ ਅਤੇ 4 ਲੇਡੀਜ਼ ਪਰਸ ਗਾਇਬ ਮਿਲੇ। ਇਨ੍ਹਾਂ ਤੋਂ ਇਲਾਵਾ 74 ਹਜ਼ਾਰ ਰੁਪਏ ਦੀ ਨਕਦੀ ਸਮੇਤ ਆਧਾਰ ਕਾਰਡ, ਡੈਬਿਟ ਕਾਰਡ, ਕ੍ਰੈਡਿਟ ਕਾਰਡ ਤੇ ਡਰਾਈਵਿੰਗ ਲਾਈਸੈਂਸ ਸਮੇਤ ਹੋਰ ਦਸਤਾਵੇਜ਼ ਵੀ ਸ਼ਾਮਲ ਸਨ।  ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸ਼ਿਕਾਇਤ ਕਰਤਾ ਨੇ ਇਸ ਘਟਨਾ ਪਿੱਛੇ ਕੋਚ ਅਟੈਂਡੈਂਸ 'ਤੇ ਸ਼ੱਕ ਜ਼ਾਹਰ ਕਰਦੇ ਹੋਏ ਦੋਸ਼ ਲਾਏ ਕਿ ਇਨ੍ਹਾਂ ਅਟੈਂਡੈਂਸ ਦੀ ਮਿਲੀ-ਭੁਗਤ ਤੋਂ ਬਿਨਾਂ ਫਰਸਟ ਏ. ਸੀ. 'ਚ ਕੋਈ ਦਾਖਲ ਹੀ ਨਹੀਂ ਹੋ ਸਕਦਾ। ਪੁਲਸ ਨੇ ਇਸ ਮਾਮਲੇ 'ਚ ਕੋਚ ਅਟੈਂਡੈਂਸ ਤੋਂ ਪੁੱਛਗਿੱਛ ਜ਼ਰੂਰ ਕੀਤੀ ਪਰ ਉਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। 
ਅਮਨਦੀਪ ਨੇ ਇਹ ਮਾਮਲਾ ਰੇਲਵੇ ਮੰਤਰੀ, ਰੇਲਵੇ ਵਿਭਾਗ ਦੇ ਅਧਿਕਾਰੀਆਂ ਤੇ ਪੁਲਸ ਦੇ ਧਿਆਨ 'ਚ ਲਿਆਉਂਦੇ ਹੋਏ ਮੰਗ ਕੀਤੀ ਕਿ ਇਸ ਸਾਰੇ ਘਟਨਾਕ੍ਰਮ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਚੋਰ ਯਕੀਨੀ ਤੌਰ 'ਤੇ ਬੇਨਕਾਬ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਫਰਸਟ ਤੇ ਸੈਕਿੰਡ ਏ. ਸੀ. 'ਚ ਹੀ ਸਫਰ ਕਰਨ ਵਾਲੇ ਯਾਤਰੀ ਸੁਰੱਖਿਅਤ ਨਹੀਂ ਹਨ ਤਾਂ ਫਿਰ ਜਨਰਲ ਤੇ ਸਲੀਪਰ ਕੋਚ 'ਚ ਸਫਰ ਕਰਨ ਵਾਲੇ ਯਾਤਰੀਆਂ ਦੀ ਸੁਰੱਖਿਆ ਦੀ ਕੌਣ ਗਾਰੰਟੀ ਦੇਵੇਗਾ।