ਲੁਧਿਆਣਾ ''ਚ ਪੰਜਾਬੀ ਗਾਇਕ ਦੇ ਘਰ ਲੱਖਾਂ ਦੀ ਚੋਰੀ, ਸਪ੍ਰੇਅ ਨਾਲ ਬੇਹੋਸ਼ ਕਰਕੇ ਚੋਰਾਂ ਨੇ ਕੀਤਾ ਕਾਰਾ

07/23/2022 1:44:07 PM

ਲੁਧਿਆਣਾ (ਬੇਰੀ) : ਤਾਜਪੁਰ ਰੋਡ ’ਤੇ ਰਹਿਣ ਵਾਲੇ ਪੰਜਾਬੀ ਗਾਇਕ ਦੇ ਘਰ ’ਤੇ ਚੋਰ ਹੱਥ ਸਾਫ਼ ਕਰ ਗਏ। ਚੋਰਾਂ ਨੇ ਘਰ ਅੰਦਰ ਸੌਂ ਰਹੇ ਪੰਜਾਬੀ ਗਾਇਕ ਅਤੇ ਉਸ ਦੀ ਪਤਨੀ 'ਤੇ ਸਪ੍ਰੇਅ ਕਰ ਕੇ ਬੇਹੋਸ਼ ਕਰ ਦਿੱਤਾ। ਇਸ ਤੋਂ ਬਾਅਦ ਨਾਲ ਵਾਲੇ ਕਮਰੇ ’ਚ ਰੱਖੀ ਅਲਮਾਰੀ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੀ ਚੋਰੀ ਕਰ ਲਈ। ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਨੇ ਸੂਚਨਾ ਮਿਲਣ ’ਤੇ ਹਰਬੰਸ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਜਾਣਕਾਰੀ ਦਿੰਦਿਆਂ ਹਰਬੰਸ ਸਿੰਘ ਨੇ ਦੱਸਿਆ ਕਿ ਉਹ ਤਾਜਪੁਰ ਰੋਡ ਦੀ ਭੋਲਾ ਕਾਲੋਨੀ ’ਚ ਰਹਿੰਦੇ ਹਨ। ਉਸ ਦੇ ਬੱਚੇ ਕੈਨੇਡਾ ’ਚ ਹਨ, ਜਦੋਂ ਕਿ ਉਹ ਪੰਜਾਬੀ ਗਾਇਕ ਹੈ ਅਤੇ ਉਸ ਦੀ ਡੇਅਰੀ ਵੀ ਹੈ। ਕੁੱਝ ਦਿਨਾਂ ਤੋਂ ਘਰ ’ਚ ਉਸਾਰੀ ਦਾ ਕਾਰਜ ਚੱਲ ਰਿਹਾ ਸੀ, ਜੋ ਤਕਰੀਬਨ ਪੂਰਾ ਹੋ ਚੁੱਕਾ ਸੀ। ਹਰਬੰਸ ਦਾ ਕਹਿਣਾ ਹੈ ਕਿ ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਨੂੰ ਚੋਰ ਖਿੜਕੀ ਦੀ ਗਰਿੱਲ ਤੋੜ ਕੇ ਘਰ ਦਾਖ਼ਲ ਹੋਏ ਅਤੇ ਅਲਮਾਰੀ ’ਚੋਂ 7 ਲੱਖ ਕੈਸ਼ ਅਤੇ ਕਰੀਬ 10 ਲੱਖ ਦੇ ਗਹਿਣੇ, ਪਾਸਪੋਰਟ, ਏ. ਟੀ. ਐੱਮ. ਕਾਰਡ ਅਤੇ ਹੋਰ ਸਮਾਨ ਚੋਰੀ ਕਰ ਕੇ ਲੈ ਗਏ। ਹਰਬੰਸ ਨੇ ਕਿਹਾ ਕਿ ਘਰ ਦੇ ਕੋਲ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ, ਜਿਸ ’ਚ 5 ਮੁਲਜ਼ਮ ਨਜ਼ਰ ਆਏ, ਜਿਨ੍ਹਾਂ ਨੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ। ਫਿਲਹਾਲ ਪੁਲਸ ਵੱਲੋਂ ਇਸ ਕੇਸ ਦੀ ਜਾਂਚ ਕਰ ਰਹੀ ਹੈ।


Babita

Content Editor

Related News