ਘਰ ’ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

08/22/2018 12:44:49 AM

ਮਲੋਟ, (ਜੁਨੇਜਾ)-ਬੀਤੀ ਰਾਤ  ਚੋਰਾਂ ਵੱਲੋਂ ਇਕ ਘਰ ਦੀ ਕੰਧ ਨੂੰ ਸੰਨ੍ਹ ਲਾ ਕੇ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਲੋਟ ਸ਼ਹਿਰ ਦੇ ਵਾਰਡ ਨੰ. 27 ਦੇ ਹਰਜਿੰਦਰ ਨਗਰ ਦੀ ਗਲੀ ਨੰਬਰ-5 ਦੇ ਵਸਨੀਕ ਬਲਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਉਹ ਆਪਣੇ ਘਰ ਦੇ ਬਾਹਰਲੇ ਕਮਰੇ ਵਿਚ ਆਪਣੀ ਪਤਨੀ ਤੇ ਲਡ਼ਕੀ ਨਾਲ  ਸੁੱਤਾ ਹੋਇਆ ਸੀ, ਜਦਕਿ ਉਸ ਦਾ ਲਡ਼ਕਾ ਅਤੇ ਨੂੰਹ ਘਰ ਦੀ ਛੱਤ ’ਤੇ ਸੁੱਤੇ ਹੋਏ ਸਨ। ਰਾਤ ਨੂੰ ਕੁਝ ਅਣਪਛਾਤੇ ਵਿਅਕਤੀ ਦੇ ਘਰ ਦੇ ਨਾਲ ਪਏ ਖਾਲੀ ਪਲਾਟ ਵਾਲੇ ਪਾਸਿਓਂ ਕੰਧ ’ਚ ਸੰਨ੍ਹ ਲਾ ਕੇ ਕਮਰੇ ਵਿਚ ਦਾਖਲ ਹੋਏ, ਜਿੱਥੋਂ ਉਹ ਅਲਮਾਰੀ ’ਚ ਰੱਖੇ 12 ਤੋਲੇ ਸੋਨੇ ਦੇ ਗਹਿਣੇ ਅਤੇ 13 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਫਰਾਰ ਹੋ ਗਏ। ਚੋਰਾਂ ਨੇ ਇਸ ਕਮਰੇ ਨੂੰ ਅੰਦਰੋਂ ਕੁੰਡੀ ਲਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਬਾਰੇ ਸਾਨੂੰ ਸਵੇਰੇ ਉੱਠਣ ਸਮੇਂ ਪਤਾ ਲੱਗਾ। ਇਸ ਬਾਰੇ ਸੂਚਨਾ ਤਰੰਤ ਥਾਣਾ ਸਿਟੀ ਪੁਲਸ ਨੂੰ ਦਿੱਤੀ ਗਈ, ਜਿਸ ’ਤੇ ਮਲੋਟ ਦੇ ਐੱਸ. ਪੀ. ਇਕਬਾਲ ਸਿੰਘ, ਥਾਣਾ ਮੁਖੀ ਸੁਖਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਘਟਨਾ ਦਾ ਸੁਰਾਗ ਲਾਉਣ ਲਈ ਬਠਿੰਡਾ ਤੋਂ ਖੋਜੀ ਕੁੱਤੇ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਫੋਰੈਂਸਿਕ ਟੀਮ ਬਲਾਈ।