ਰਾਸ਼ਨ ਚੋਰੀ ਦਾ ਮਾਮਲਾ ਗਰਮਾਇਆ, ਪਿੰਡ ਵਾਸੀ ਆਪਸ ’ਚ ਉਲਝੇ

08/03/2018 12:46:13 AM

ਸ਼ੇਰਪੁਰ(ਅਨੀਸ਼)– ਪਿੰਡ ਕਾਲਾਬੂਲਾ ਦੇ ਆਂਗਣਵਾਡ਼ੀ ਸੈਂਟਰ ’ਚ ਕੰਮ ਕਰ ਰਹੀਆਂ ਆਂਗਣਵਾਡ਼ੀ ਵਰਕਰਾਂ  ’ਤੇ ਪਿੰਡ ਦੇ ਹੀ ਵਿਅਕਤੀਆਂ ਵੱਲੋਂ ਰਾਸ਼ਨ ਚੋਰੀ ਕਰਨ ਦੇ ਦੋਸ਼ ਲਾਉਣ ਦਾ ਮਾਮਲਾ ਗਰਮਾ ਗਿਆ ਹੈ। ਹੰਸਪਾਲ ਸਿੰਘ, ਦਾਰਾ ਸਿੰਘ, ਸੁਰਜੀਤ ਸਿੰਘ ਨੇ ਦੋਸ਼ ਲਾਉਂਦਿਅਾਂ ਕਿਹਾ ਕਿ ਪਿੰਡ ਦੇ ਆਂਗਣਵਾਡ਼ੀ ਸੈਂਟਰ ’ਚ ਪਿੰਡ ਦੀਆਂ ਹੀ ਅੌਰਤਾਂ ਵਰਕਰ ਦੇ ਤੌਰ ’ਤੇ ਕੰਮ ਕਰਦੀਆਂ ਹਨ, ਜਿਨ੍ਹਾਂ  ਵੱਲੋਂ 2 ਦਿਨਾਂ ਵਿਚ ਲਗਾਤਾਰ 5 ਬੋਰੀਆਂ ਮੋਟਰਸਾਈਕਲ ’ਤੇ ਰੱਖ ਕੇ ਪਿੰਡ ਦੇ ਵਿਅਕਤੀਆਂ ਨਾਲ ਮਿਲ ਕੇ ਆਪਣੇ ਘਰ ਲਿਜਾਈਆਂ ਗਈਆਂ ਹਨ, ਜਿਸ ਦੇ ਸਬੂਤ ਦੇ ਤੌਰ ’ਤੇ ਸਾਡੇ ਕੋਲ ਸੀ. ਸੀ. ਟੀ. ਵੀ. ਫੁਟੇਜ ਮੌਜੂਦ ਹੈ । ਇਸ ਸਮੇਂ  ਪਿੰਡ ਵਾਸੀਆਂ ਨੇ ਸੀ. ਡੀ. ਪੀ. ਓ. ਮੈਡਮ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਆਂਗਣਵਾਡ਼ੀ ਵਰਕਰਾਂ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਵਰਕਰਾਂ ਨੂੰ ਸਸਪੈਂਡ ਨਾ  ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਸਮੇਂ ਗੁਰਤੇਜ  ਸਿੰਘ, ਸ਼ਿੰਦਰ ਸਿੰਘ ਪੰਚ, ਹਰਜਿੰਦਰ ਸਿੰਘ, ਮੋਹਨ ਸਿੰਘ, ਸਰਬਜੀਤ ਸਿੰਘ ਤੇ ਹੋਰ ਵੱਡੀ  ਗਿਣਤੀ ’ਚ ਪਿੰਡ ਵਾਸੀ ਮੌਜੂਦ ਸਨ। ਮਾਮਲਾ ਇੰਨਾ ਗਰਮਾ ਗਿਆ ਕਿ ਪਿੰਡ ਦੇ  ਲੋਕ ਆਪਸ ’ਚ ਤਕਰਾਰਬਾਜ਼ੀ ਕਰਨ ਲੱਗੇ ਤਾਂ ਥਾਣਾ ਸ਼ੇਰਪੁਰ ਦੇ ਮੁਖੀ ਹੀਰਾ ਸਿੰਘ ਦੀ  ਮੌਜੂਦਗੀ ’ਚ ਆਂਗਣਵਾਡ਼ੀ ਸੈਂਟਰ ਨੂੰ ਤਾਲਾ ਲਾ ਦਿੱਤਾ ਗਿਆ ਤੇ ਚਾਬੀ ਗ੍ਰਾਮ ਪੰਚਾਇਤ  ਕਾਲਾਬੂਲਾ ਨੂੰ ਸੌਂਪ ਦਿੱਤੀ ਗਈ।
ਸਫਾਈ ਲਈ ਘਰ ਲਿਜਾਏ ਗਏ ਸਨ ਦਾਨੀ ਸੱਜਣਾਂ ਵੱਲੋਂ ਦਿੱਤੇ ਕਣਕ ਤੇ ਚੌਲ : ਅਾਂਗਣਵਾੜੀ ਵਰਕਰਾਂ
ਇਸ ਮਾਮਲੇ ਸਬੰਧੀ ਆਂਗਣਵਾਡ਼ੀ ਵਰਕਰਾਂ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਸਾਡੇ ਕੋਲ ਕਾਗਜ਼ਾਂ ਵਿਚ ਕੋਈ ਸਟਾਕ ਨਹੀਂ ਹੈ, ਜਿਨ੍ਹਾਂ ਬੋਰੀਆਂ ਦੀ ਪਿੰਡ ਵਾਸੀ ਗੱਲ ਕਰ ਰਹੇ ਹਨ, ਉਹ ਕਿਸੇ ਦਾਨੀ ਸੱਜਣ ਨੇ ਕਣਕ ਤੇ ਚੌਲ ਭੇਜੇ ਸਨ, ਜੋ ਮੌਸਮ ਖਰਾਬ ਹੋਣ ਕਾਰਨ ਸਫਾਈ ਲਈ ਅਸੀਂ ਘਰ ਲੈ ਕੇ ਗਈਅਾਂ ਸੀ।
ਚੈਕਿੰਗ ਦੌਰਾਨ ਪੰਜੀਰੀ  ਦੇ 15  ਪੈਕੇਟ ਮਿਲੇ ਸਨ : ਜੀ. ਓ. ਜੀ.
ਇਸ ਮਾਮਲੇ ਸਬੰਧੀ ਜੀ. ਓ. ਜੀ. ਗੁਰਸੇਵ ਸਿੰਘ ਦੀਦਾਰਗਡ਼੍ਹ ਨੇ ਕਿਹਾ ਕਿ ਸੋਮਵਾਰ ਨੂੰ ਮੈਂ ਇਸ ਸੈਂਟਰ ਦੀ ਚੈਕਿੰਗ ਕੀਤੀ ਸੀ। ਉਸ ਸਮੇਂ ਸਟਾਕ ਕਾਗਜ਼ਾਂ ਵਿਚ ਨਿੱਲ ਦਿਖਾਇਆ ਗਿਆ ਸੀ ਅਤੇ ਮੈਨੂੰ ਪੰਜੀਰੀ ਦੇ 5 ਪੈਕੇਟ ਮੌਜੂਦ ਦੱਸੇ ਗਏ ਸਨ ਪਰ ਚੈਕਿੰਗ ਦੌਰਾਨ 15 ਪੈਕੇਟ ਪਾਏ ਗਏ ਸਨ ।
ਕੋਈ ਲਿਖਤੀ ਸ਼ਿਕਾਇਤ ਨਹੀਂ  ਆਈ  : ਸੀ. ਡੀ. ਪੀ. ਓ.
ਇਸ ਮਸਲੇ ਸਬੰਧੀ ਜਦੋਂ ਸੀ. ਡੀ. ਪੀ. ਓ. ਮੈਡਮ ਕ੍ਰਿਪਾਲ ਕੌਰ  ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਮੇਰੇ ਕੋਲ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਆਈ। ਜੇਕਰ ਮੇਰੇ ਕੋਲ ਕੋਈ ਲਿਖਤੀ ਸ਼ਿਕਾਇਤ ਆਉਂਦੀ ਹੈ ਤਾਂ ਮੈਂ ਇਸ ਮਸਲੇ ਦੀ ਜਾਂਚ ਪਡ਼ਤਾਲ ਕਰਵਾਵਾਂਗੀ। ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ।