ਜਗਰਾਓਂ ਦੇ ਜਨਰਲ ਸਟੋਰ ''ਚੋਂ ਲੱਖਾਂ ਦੀ ਚੋਰੀ

11/25/2017 4:42:47 AM

ਜਗਰਾਓਂ(ਜਸਬੀਰ ਸ਼ੇਤਰਾ)–ਇਥੇ ਪੁਰਾਣੀ ਦਾਣਾ ਮੰਡੀ ਦੇ ਮੁੱਖ ਚੌਕ 'ਚ ਸਥਿਤ ਰਾਜਾ ਐਂਡ ਕੰਪਨੀ ਨਾਂ ਦੇ ਜਨਰਲ ਸਟੋਰ 'ਚੋਂ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਦਾਖਲ ਹੋ ਕੇ ਡੇਢ ਲੱਖ ਰੁਪਏ ਤੋਂ ਵਧੇਰੇ ਦੀ ਨਕਦੀ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਦੁਕਾਨ ਦੀ ਦੂਜੀ ਮੰਜ਼ਿਲ 'ਤੇ ਇਕ ਰੌਸ਼ਨਦਾਨ ਜਿੰਨੀ ਛੋਟੀ ਜਿਹੀ ਥਾਂ ਰਾਹੀਂ ਅੰਦਰ ਦਾਖਲ ਹੁੰਦਾ ਚੋਰ ਅਤੇ ਉਸ ਦੀ ਸਮੁੱਚੀ ਕਾਰਵਾਈ ਜਨਰਲ ਸਟੋਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ। ਪੁਲਸ ਨੇ ਮੌਕਾ ਤੇ ਸੀ. ਸੀ. ਟੀ. ਵੀ. ਕੈਮਰੇ ਦੇਖਣ ਉਪਰੰਤ ਜਾਂਚ ਆਰੰਭ ਦਿੱਤੀ ਹੈ। ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਦੇਖ ਕੇ ਪਤਾ ਲੱਗਦਾ ਹੈ ਕਿ ਚੋਰੀ ਰਾਤ 9.30 ਵਜੇ ਤੋਂ ਬਾਅਦ ਹੋਈ। ਦੁਕਾਨ ਅੰਦਰ ਆਇਆ ਇਕੋ ਮੁਲਜ਼ਮ ਇਕ ਘੰਟੇ ਦੇ ਕਰੀਬ ਅੰਦਰ ਰਿਹਾ। ਜਨਰਲ ਸਟੋਰ 'ਚ ਚੋਰੀ ਸਮੇਂ ਮੁਲਜ਼ਮ ਨੇ ਮੂੰਹ ਢੱਕਿਆ ਹੋਇਆ ਹੈ ਪਰ ਜਦੋਂ ਉਹ ਦੁਕਾਨ ਅੰਦਰ ਦੂਸਰੀ ਮੰਜ਼ਿਲ ਤੋਂ ਰੌਸ਼ਨਦਾਨ ਵਰਗੀ ਛੋਟੀ ਜਿਹੀ ਥਾਂ ਤੋਂ ਦਾਖਲ ਹੋਣ ਲੱਗਦਾ ਹੈ ਤਾਂ ਉਸ ਦਾ ਮੂੰਹ ਨੰਗਾ ਹੈ, ਜਿਸ ਤੋਂ ਉਸ ਦੀ ਸ਼ਨਾਖਤ ਵੀ ਹੋ ਗਈ ਹੈ। ਜਾਣਕਾਰੀ ਅਨੁਸਾਰ ਚੋਰੀ ਦਾ ਪਤਾ ਸਵੇਰੇ ਉਦੋਂ ਲੱਗਾ ਜਦੋਂ ਮਾਲਕ ਉਮੇਸ਼ ਗੋਇਲ ਉਰਫ ਰਾਜਾ ਦੁਕਾਨ ਖੋਲ੍ਹਣ ਆਇਆ, ਜਿਵੇਂ ਹੀ ਉਸ ਨੇ ਦੁਕਾਨ ਅੰਦਰ ਗੱਲਾ ਟੁੱਟਿਆ ਤੇ ਹੋਰ ਸਾਮਾਨ ਖਿੱਲਰਿਆ ਦੇਖਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਨੇ ਉਪਰ ਜਾ ਕੇ ਦੇਖਿਆ ਤਾਂ ਚੋਰੀ ਹੋਣ ਦੀ ਗੱਲ ਸਮਝ ਆ ਗਈ। ਉਸ ਨੇ ਤੁਰੰਤ ਥਾਣਾ ਸਿਟੀ 'ਚ ਇਸ ਦੀ ਸੂਚਨਾ ਦਿੱਤੀ। ਏ. ਐੱਸ. ਆਈ. ਪ੍ਰਦੀਪ ਸਿੰਘ ਤੇ ਏ. ਐੱਸ. ਆਈ. ਕਿੱਕਰ ਸਿੰਘ ਮੌਕਾ ਦੇਖਣ ਪਹੁੰਚੇ। ਕੌਂਸਲਰ ਅਨਮੋਲ ਗੁਪਤਾ, ਰੌਕੀ ਗੋਇਲ, ਸੁਨੀਲ ਸਿੰਗਲਾ, ਕਨੱ੍ਹਈਆ ਲਾਲ ਬਾਂਕਾ ਆਦਿ ਆਗੂ ਵੀ ਇਸ ਸਮੇਂ ਮੌਜੂਦ ਸਨ।  ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ 'ਚ ਲੈ ਲਈ ਹੈ। ਉਮੇਸ਼ ਗੋਇਲ ਅਨੁਸਾਰ ਕੁਲ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ 'ਚ 50 ਹਜ਼ਾਰ ਤੋਂ ਵਧੇਰੇ ਨਕਦੀ ਸ਼ਾਮਲ ਹੈ। ਇਸ ਤੋਂ ਇਲਾਵਾ ਵਿਆਹ 'ਚ ਦੇਣ ਲਈ ਨਵੇਂ ਨੋਟਾਂ ਵਾਲੇ ਬਣਾਏ ਹਾਰ ਚੋਰੀ ਹੋਏ ਹਨ। ਏ. ਐੱਸ. ਆਈ. ਪ੍ਰਦੀਪ ਸਿੰਘ ਨੇ ਸੰਪਰਕ ਕਰਨ ਤੇ ਚੋਰੀ ਹੋਣ ਦੀ ਡੇਢ ਲੱਖ ਰੁਪਏ ਦੀ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਸ਼ੱਕੀ ਵਿਅਕਤੀ ਸੀ. ਸੀ. ਟੀ. ਵੀ. ਫੁਟੇਜ 'ਚ ਨਜ਼ਰ ਆਇਆ ਹੈ। ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ। ਦੇਰ ਸ਼ਾਮ ਖ਼ਬਰ ਲਿਖੇ ਜਾਣ ਤਕ ਇਸ ਸਬੰਧੀ ਮਾਮਲਾ ਦਰਜ ਨਹੀਂ ਸੀ ਹੋਇਆ।