ਘਰ ਦੇ ਲੋਕ ਸੁੱਤੇ ਰਹੇ, ਚੋਰ ਦੇ ਗਏ ਵਾਰਦਾਤ ਨੂੰ ਅੰਜਾਮ

09/22/2017 5:13:52 AM

ਜਲੰਧਰ(ਮਹੇਸ਼)-ਵਾਰਡ ਨੰਬਰ 9 ਦੇ ਇਲਾਕੇ ਕੋਟ ਰਾਮ ਦਾਸ (ਆਬਾਦੀ) ਵਿਚ ਚੋਰਾਂ ਨੇ ਬੀਤੀ ਰਾਤ ਇਕ ਘਰ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਲੱਖਾਂ ਦੇ ਸਾਮਾਨ 'ਤੇ ਹੱਥ ਸਾਫ ਕੀਤਾ। ਜਦੋਂ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਘਰ ਦੇ ਲੋਕ ਛੱਤ 'ਤੇ ਵਰਾਂਡੇ ਵਿਚ ਸੁੱਤੇ ਹੋਏ ਸਨ। ਪ੍ਰਵੀਨ ਕੁਮਾਰ ਨੇ ਮੌਕੇ 'ਤੇ ਪਹੁੰਚੀ ਥਾਣਾ ਰਾਮਾ ਮੰਡੀ ਦੀ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਚੋਰਾਂ ਦੇ ਆਉਣ-ਜਾਣ ਦਾ ਅਹਿਸਾਸ ਤਕ ਨਹੀਂ ਹੋਇਆ, ਜਿਸ ਤੋਂ ਲੱਗਦਾ ਹੈ ਕਿ ਚੋਰਾਂ ਨੇ ਉਨ੍ਹਾਂ ਨੂੰ ਬੇਹੋਸ਼ ਕਰਨ ਲਈ ਕਿਸੇ ਚੀਜ਼ ਦੀ ਵਰਤੋ ਕੀਤੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਸਵੇਰੇ ਉਠੇ ਤਾਂ ਘਰ ਦਾ ਸਾਮਾਨ ਖਿੱਲਰਿਆ ਹੋਇਆ ਸੀ ਤੇ ਕਰੀਬ 2 ਲੱਖ ਦੇ ਗਹਿਣੇ ਤੇ ਹਜ਼ਾਰਾਂ ਦੀ ਨਕਦੀ ਤੋਂ ਇਲਾਵਾ ਹੋਰ ਕੀਮਤੀ ਸਾਮਾਨ ਗਾਇਬ ਸੀ। ਪੁਲਸ ਕਾਫੀ ਸਮੇਂ ਤਕ ਜਾਂਚ ਕਰਦੀ ਰਹੀ ਪਰ ਚੋਰਾਂ ਦਾ ਕੋਈ ਵੀ ਸੁਰਾਗ ਪੁਲਸ ਦੇ ਹੱਥ ਨਹੀਂ ਲੱਗਾ।