ਚੋਰੀ ਕਰਨ ਆਏ ਚੋਰਾਂ ''ਤੇ ਘਰ ਵਾਲਿਆਂ ਵੱਲੋਂ ਹਵਾਈ ਫਾਇਰ

07/22/2017 2:02:15 AM

ਗੁਰਦਾਸਪੁਰ(ਦੀਪਕ, ਵਿਨੋਦ)–ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਆਏ ਦਿਨ ਕਿਸੇ ਨਾ ਕਿਸੇ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਅਜਿਹਾ ਹੀ ਮਾਮਲਾ ਗੁਰਦਾਸਪੁਰ ਦੇ ਗੋਬਿੰਦਨਗਰ ਦਾ ਹੈ, ਜਿਥੇ 4 ਚੋਰਾਂ ਨੇ ਇਕ ਰਾਤ 'ਚ 2 ਘਰਾਂ ਨੂੰ ਨਿਸ਼ਾਨਾ ਬਣਾਇਆ। ਚੋਰਾਂ ਵੱਲੋਂ ਇਕ ਘਰ 'ਚੋਂ 2 ਤੋਲੇ ਸੋਨਾ ਅਤੇ 22 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ, ਜਦੋਂ ਇਹ ਦੂਜੇ ਘਰ 'ਚ ਚੋਰੀ ਕਰਨ ਪਹੁੰਚੇ ਤਾਂ ਉਥੇ ਘਰ ਵਾਲਿਆਂ ਨੇ ਹਵਾਈ ਫਾਇਰ ਕਰ ਦਿੱਤੇ, ਜਿਸ ਕਾਰਨ ਚੋਰ ਉਥੋਂ ਭੱਜ ਨਿਕਲੇ। ਘਟਨਾ ਸਥਾਨ 'ਤੇ ਮੌਕੇ 'ਤੇ ਪਹੁੰਚੀ ਥਾਣਾ ਸਿਟੀ ਦੀ ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਸਤਨਾਮ ਸਿੰਘ ਨੇ ਦੱਸਿਆ ਕਿ ਰਾਤ 1 ਵਜੇ ਦੇ ਕਰੀਬ ਚੋਰਾਂ ਨੇ ਉਨ੍ਹਾਂ ਦੇ ਘਰ ਦੀ ਖਿੜਕੀ ਨੂੰ ਤੋੜ ਕੇ ਘਰ ਵਿਚ ਅਲਮਾਰੀ ਦੀ ਤੋੜ-ਭੰਨ ਕਰਨ ਲੱਗੇ, ਜਦ ਮੈਂ ਆਵਾਜ਼ ਸੁਣੀ ਅਤੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਚੋਰਾਂ ਨੇ ਅੰਦਰੋਂ ਦਰਵਾਜ਼ਾ ਬੰਦ ਕਰ ਦਿੱਤਾ ਅਤੇ 2 ਤੋਲੇ ਸੋਨਾ ਅਤੇ 22 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ, ਜਿਸ ਤੋਂ ਬਾਅਦ ਮੈਂ ਪੁਲਸ ਨੂੰ ਸੂਚਿਤ ਕੀਤਾ ਤੇ ਪੁਲਸ ਕਾਫੀ ਦੇਰੀ ਨਾਲ ਪਹੁੰਚੀ ਪਰ ਉਦੋਂ ਤੱਕ ਚੋਰ ਉਥੋਂ ਭੱਜ ਨਿਕਲੇ ਸੀ।
ਇਸੇ ਤਰ੍ਹਾਂ ਦੂਜੇ ਘਰ ਦੀ ਮਾਲਕਣ ਦਵਿੰਦਰ ਕੌਰ ਨੇ ਦੱਸਿਆ ਕਿ ਚੋਰ ਗਿਰੋਹ ਸਾਡੇ ਘਰ ਦੀ ਖਿੜਕੀ ਤੋੜਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਉਦੋਂ ਮੇਰੀ ਅੱਖ ਖੁੱਲ੍ਹੀ ਤਾਂ ਦੇਖਿਆ ਕਿ 4 ਵਿਅਕਤੀ ਘਰ ਦੀ ਖਿੜਕੀ ਤੋੜਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਮੈਂ ਆਪਣੇ ਘਰ ਦੇ ਕੋਲ ਵਾਲੇ ਘਰ ਦੇ ਲੜਕੇ ਨੂੰ ਫੋਨ ਕਰ ਕੇ ਸਾਰੀ ਗੱਲ ਦੱਸੀ ਤਾਂ ਉਸ ਨੇ ਆਪਣੇ ਘਰ ਦੀ ਛੱਤ 'ਤੇ ਜਾ ਕੇ ਇਕ ਫਾਇਰ ਕਰ ਦਿੱਤਾ ਤੇ ਅਸੀਂ ਰੌਲਾ ਪਾ ਦਿੱਤਾ। ਜਦ ਗੋਲੀ ਦੀ ਆਵਾਜ਼ ਸੁਣੀ ਤਾਂ ਚੋਰ ਉਥੋਂ ਭੱਜ ਨਿਕਲੇ। ਅਸੀਂ ਤੁਰੰਤ ਪੁਲਸ ਨੂੰ ਸੂਚਿਤ ਕਰ ਦਿੱਤਾ ਪਰ ਪੁਲਸ ਕਾਫੀ ਦੇਰ ਬਾਅਦ ਪਹੁੰਚੀ। 
ਕੀ ਕਹਿਣਾ ਹੈ ਡੀ. ਐੱਸ. ਪੀ. ਦੇਵਦੱਤ ਸ਼ਰਮਾ ਦਾ
ਇਸ ਸਬੰਧੀ ਡੀ. ਐੱਸ. ਪੀ. ਦੇਵਦੱਤ ਸ਼ਰਮਾ ਦਾ ਕਹਿਣਾ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਦੋ ਘਰਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਕ ਘਰ 'ਚਂੋ ਚੋਰਾਂ ਨੇ ਸਾਮਾਨ ਵੀ ਚੋਰੀ ਕੀਤਾ ਹੈ। ਅਸੀਂ ਮਾਮਲਾ ਦਰਜ ਕਰ ਕੇ ਸ਼ੱਕ ਦੇ ਆਧਾਰ 'ਤੇ ਇਕ ਆਦਮੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।