20-30 ਲੱਖ ਦੇ ਕੇ ਵੀ ਵਿਦੇਸ਼ ਨਹੀਂ ਜਾ ਸਕਦੇ ਠੱਗਾਂ ਦੇ ਸ਼ਿਕਾਰ ਨੌਜਵਾਨ

06/12/2017 7:54:28 AM

ਕਪੂਰਥਲਾ, (ਭੂਸ਼ਣ)- ਜ਼ਿਲਾ ਕਪੂਰਥਲਾ ਸਮੇਤ ਪੂਰੇ ਸੂਬੇ 'ਚ ਵਿਦੇਸ਼ੀ ਨਾਗਰਿਕਤਾ ਹਾਸਲ ਲੜਕੀਆਂ ਤੇ ਆਈਲੈਟਸ ਪਾਸ ਲੜਕੀਆਂ ਨਾਲ ਵਿਆਹ ਕਰਵਾ ਕੇ ਵਿਦੇਸ਼ ਭੇਜਣ ਦਾ ਸੁਨਹਿਰੀ ਸੁਪਨਾ ਵਿਖਾ ਕੇ ਲੱਖਾਂ ਰੁਪਏ ਦੀ ਰਕਮ ਹੜੱਪਣ ਵਾਲੇ ਗੈਂਗ ਦੀਆਂ ਗਤੀਵਿਧਿਆਂ ਜ਼ੋਰਾਂ 'ਤੇ ਹਨ। ਸੂਬੇ ਦੇ ਨੌਜਵਾਨਾਂ 'ਚ ਲਗਾਤਾਰ ਵੱਧ ਰਹੇ ਵਿਦੇਸ਼ ਜਾਣ ਦੇ ਕਰੇਜ਼ ਨੇ ਇਸ ਠੱਗ ਗੈਂਗ ਦੀਆਂ ਗਤੀਵਿਧੀਆਂ ਨੂੰ ਇਸ ਕਦਰ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਹੈ ਕਿ ਜੇਕਰ ਪੁਲਸ ਰਿਕਾਰਡ 'ਤੇ ਨਜ਼ਰ ਮਾਰੀ ਜਾਵੇ ਤਾਂ ਬੀਤੇ ਇਕ ਸਾਲ ਦੇ ਦੌਰਾਨ ਹੀ ਪੰਜਾਬ ਪੁਲਸ ਅਜਿਹੇ 25 ਮਾਮਲੇ ਦਰਜ ਕਰ ਚੁੱਕੀ ਹੈ ।  
ਐੱਨ.ਆਰ.ਆਈਜ਼ ਹੱਬ ਦੋਆਬਾ 'ਚ ਸਰਗਰਮ ਹਨ ਕਈ ਗਿਰੋਹ
ਐੱਨ. ਆਰ. ਆਈ. ਦੇ ਪ੍ਰਮੱਖ ਹੱਬ ਮੰਨੇ ਜਾਣ ਵਾਲੇ ਦੋਆਬਾ ਖੇਤਰ ਦੇ ਪ੍ਰਮੁੱਖ ਜ਼ਿਲੇ ਕਪੂਰਥਲਾ ਸਮੇਤ ਸੂਬੇ ਦੇ ਲੱਗਭਗ ਸਾਰੇ ਜ਼ਿਲਿਆਂ 'ਚ ਅਜਿਹੇ ਅਨੇਕਾਂ ਗੈਂਗ ਵਿਕਸਿਤ ਹੋ ਚੁੱਕੇ ਹਨ, ਜੋ ਵਿਦੇਸ਼ ਜਾਣ ਦੀ ਲਾਲਸਾ ਪਾਲ ਬੈਠੇ ਅਜਿਹੇ ਨੌਜਵਾਨਾਂ ਨੂੰ ਵਰਗਲਾ ਰਹੇ ਹਨ, ਜੋ ਵਿਦੇਸ਼ ਜਾਣ ਲਈ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਬੈਠੇ ਹਨ।
ਅਜਿਹਾ ਠੱਗ ਗੈਂਗ ਉਕਤ ਨੌਜਵਾਨਾਂ ਨੂੰ ਵਿਦੇਸ਼ 'ਚ ਪੀ. ਆਰ. ਹਾਸਲ ਲੜਕੀਆਂ ਜਾਂ ਆਈਲੈਟਸ ਪਾਸ ਲੜਕੀਆਂ ਨਾਲ ਵਿਆਹ ਕਰਵਾ ਕੇ ਵਿਦੇਸ਼ ਭੇਜਣ ਦੇ ਨਾਮ 'ਤੇ 20 ਤੋਂ 30 ਲੱਖ ਰੁਪਏ ਦੀ ਨਕਦੀ ਲੈਂਦੇ ਹਨ। ਜਿਨ੍ਹਾਂ 'ਚੋਂ ਜ਼ਿਆਦਾਤਰ ਮਾਮਲਿਆਂ 'ਚ ਪੀੜਿਤ ਪੱਖ ਨਾਲ ਸਬੰਧਤ ਨੌਜਵਾਨ ਵਿਦੇਸ਼ ਵੀ ਨਹੀਂ ਜਾ ਪਾਉਂਦੇ।   
ਅੰਗਰੇਜ਼ੀ ਭਾਸ਼ਾ 'ਚ ਕਮਜ਼ੋਰ ਤੇ ਘੱਟ ਪੜ੍ਹੇ-ਲਿਖੇ ਨੌਜਵਾਨਾਂ ਨੂੰ ਬਣਾਇਆ ਜਾਂਦਾ ਹੈ ਨਿਸ਼ਾਨਾ
ਵਿਦੇਸ਼ ਜਾਣ ਦੀ ਚਾਹਤ ਰੱਖਣ ਵਾਲੇ ਘੱਟ ਪੜ੍ਹੇ-ਲਿਖੇ ਨੌਜਵਾਨਾਂ ਜਾਂ ਅੰਗਰੇਜ਼ੀ ਭਾਸ਼ਾ 'ਚ ਕਮਜ਼ੋਰ ਹੋਣ ਦੇ ਕਾਰਨ ਵਿਦੇਸ਼ ਜਾਣ ਲਈ ਆਈਲੈਟਸ ਦਾ ਟੈਸਟ ਪਾਸ ਨਹੀਂ ਕਰ ਪਾÀੁਂਦੇ ਜਾਂ ਫਿਰ ਉਨ੍ਹਾਂ ਦੀ ਵਿੱਦਿਅਕ ਯੋਗਤਾ ਕਾਫ਼ੀ ਘੱਟ ਹੁੰਦੀ ਹੈ। ਇਹ ਠੱਗ ਗੈਂਗ ਜ਼ਿਆਦਾਤਰ ਅਜਿਹੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਇਹ ਗੈਂਗ ਉਨ੍ਹਾਂ ਦਾ ਫਰਜ਼ੀ ਤਰੀਕੇ ਨਾਲ ਵਿਆਹ ਕਰਵਾ ਕੇ ਉਨ੍ਹਾਂ ਨੂੰ ਜਾਂ ਤਾਂ ਆਪਣੇ ਨਾਲ ਆਈ ਲੜਕੀ ਦੀ ਸਬੰਧਤ ਦੇਸ਼ ਦੇ ਜਾਅਲੀ ਪੀ. ਆਰ. ਵਿਖਾ ਕੇ ਰਕਮ ਹੜਪ ਜਾਂਦੇ ਹਨ ਜਾਂ ਫਿਰ ਆਈਲੈਟਸ ਦਾ ਟੈਸਟ ਪਾਸ ਕਰਵਾ ਕੇ ਉਨ੍ਹਾਂ ਨੂੰ ਕੁਝ ਹੀ ਦਿਨਾਂ 'ਚ ਵਿਦੇਸ਼ ਭੇਜਣ ਦੇ ਨਾਮ 'ਤੇ ਉਨ੍ਹਾਂ ਤੋਂ ਮੋਟੀ ਰਕਮ ਠੱਗ ਲੈਂਦੇ ਹਨ।
ਫਰਜ਼ੀ ਦਸਤਾਵੇਜ਼ ਦੇ ਕਾਰਨ ਸ਼ਿਕਾਇਤ ਵੀ ਨਹੀਂ ਕਰਦੇ ਕਈ ਪੀੜਤ 
ਅਜਿਹੇ ਜ਼ਿਆਦਾਤਰ ਮਾਮਲਿਆਂ 'ਚ ਲੱਗੇ ਲੱਗਭਗ ਸਾਰੇ ਦਸਤਾਵੇਜ਼ ਪੂਰੀ ਤਰ੍ਹਾਂ ਨਾਲ ਫਰਜ਼ੀ ਹੁੰਦੇ ਹਨ ਅਤੇ ਕਈ ਵਾਰ ਪੀੜਤ ਪੱਖ ਆਪਣੇ ਖੁਦ ਦੇ ਫਸਣ ਦੇ ਡਰ ਨਾਲ ਪੁਲਸ ਦੇ ਸਾਹਮਣੇ ਸ਼ਿਕਾਇਤ ਵੀ ਦਰਜ ਨਹੀਂ ਕਰਵਾਉਂਦਾ ।
ਇਸ ਪੂਰੇ ਮਾਮਲੇ 'ਚ ਸਭ ਤੋਂ ਹੈਰਾਨ ਕਰਨ ਵਾਲਾ ਪਹਿਲੂ ਤਾਂ ਇਹ ਹੈ ਕਿ ਬੀਤੇ ਇਕ ਸਾਲ ਦੇ ਦੌਰਾਨ ਪੰਜਾਬ ਪੁਲਸ ਵਲੋਂ ਦਰਜ ਕੀਤੇ ਗਏ ਠੱਗੀ ਦੇ ਅਜਿਹੇ 25 ਮਾਮਲਿਆਂ 'ਚ ਸ਼ਾਮਲ ਜ਼ਿਆਦਾਤਰ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋ ਪਾਈ ਹੈ, ਜਿਸ ਦਾ ਮੁੱਖ ਕਾਰਨ ਹੈ ਮੁਲਜ਼ਮਾਂ ਵਲੋਂ ਪੀੜਤ ਪੱਖ ਨੂੰ ਆਪਣੇ ਗਲਤ ਪਤਾ ਦੱਸਣਾ। 
ਜਾਗਰੂਕਤਾ ਦੀ ਕਮੀ 'ਚ ਫਸ ਰਹੇ ਹਨ ਜ਼ਿਆਦਾਤਰ ਲੋਕ
ਸੂਬੇ 'ਚ ਵਿਦੇਸ਼ ਤੋਂ ਆਈ ਲੜਕੀ ਜਾਂ ਆਈਲੈਟਸ ਪਾਸ ਲੜਕੀ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਵਾਲੇ ਗੈਂਗ ਦੇ ਲਗਾਤਾਰ ਸਰਗਰਮ ਦਾ ਮੁੱਖ ਕਾਰਨ ਹੈ ਲੋਕਾਂ 'ਚ ਜਾਗਰੂਕਤਾ ਦੀ ਭਾਰੀ ਕਮੀ । ਪੁਲਸ ਵੱਲੋਂ ਵੱਡੇ ਪੱਧਰ 'ਤੇ ਅਜਿਹੇ ਮਾਮਲਿਆਂ 'ਚ ਐੱਫ. ਆਈ. ਆਰ. ਦਰਜ ਕਰਨ ਦੇ ਬਾਵਜੂਦ ਵੀ ਲੋਕਾਂ 'ਚ ਜਾਗਰੂਕਤਾ ਦੀ ਇਸ ਕਦਰ ਕਮੀ ਹੈ ਕਿ ਨਾ ਚਾਹੁੰਦੇ ਹੋਏ ਵੀ ਲੋਕ ਅਜਿਹੇ ਗੈਂਗ ਦੇ ਚੱਕਰ 'ਚ ਫਸ ਕੇ ਆਪਣੀ ਜ਼ਿੰਦਗੀ ਭਰ ਦੀ ਪੂਰੀ ਕਮਾਈ ਲੁਟਾ ਰਹੇ ਹਨ।   
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸੰਬੰਧ 'ਚ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਵਿਦੇਸ਼ੀ ਪੀ. ਆਰ. ਹਾਸਲ ਲੜਕੀਆਂ ਅਤੇ ਆਈਲੈਟਸ ਪਾਸ ਲੜਕੀਆਂ ਦੇ ਨਾਮ 'ਤੇ ਠੱਗਣ ਵਾਲੇ ਗੈਂਗ ਦੀਆਂ ਗਤੀਵਿਧੀਆਂ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸੰਬੰਧ 'ਚ ਆਈ ਕਿਸੇ ਵੀ ਸ਼ਿਕਾਇਤ 'ਤੇ ਤੁਰੰਤ ਮਾਮਲਾ ਦਰਜ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਵੀ ਅਲਰਟ ਰਹਿਣ ਦੀ ਅਪੀਲ ਕੀਤੀ।