ਨੌਜਵਾਨ ਨੇ ਖੁਦ ਨੂੰ ਲਾਇਸੈਂਸੀ ਪਿਸਟਲ ਨਾਲ ਮਾਰੀ ਗੋਲੀ, ਮੌਤ

12/03/2021 1:16:05 PM

ਲੁਧਿਆਣਾ (ਰਾਮ) : ਥਾਣਾ ਜਮਾਲਪੁਰ ਅਧੀਨ ਆਉਂਦੀ ਬਾਬਾ ਸ਼੍ਰੀਚੰਦ ਕਾਲੋਨੀ ’ਚ ਇਕ ਨੌਜਵਾਨ ਵੱਲੋਂ ਸ਼ੱਕੀ ਹਾਲਾਤ ’ਚ ਆਪਣੀ ਲਾਇਸੈਂਸੀ ਪਿਸਟਲ 32-ਬੋਰ ਨਾਲ ਖੁਦ ਨੂੰ ਕਥਿਤ ਤੌਰ ’ਤੇ ਗੋਲੀ ਮਾਰ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਜਮਾਲਪੁਰ ਦੇ ਇੰਚਾਰਜ ਇੰਸ. ਕੁਲਵੰਤ ਸਿੰਘ ਮੱਲ੍ਹੀ ਆਪਣੀ ਪੁਲਸ ਟੀਮ ਏ. ਐੱਸ. ਆਈ. ਰੁਪਿੰਦਰ ਸਿੰਘ, ਏ. ਐੱਸ. ਆਈ. ਧਨਵੰਤ ਸਿੰਘ ਅਤੇ ਹੋਰ ਮੁਲਾਜ਼ਮਾਂ ਸਮੇਤ ਮੌਕੇ ’ਤੇ ਪਹੁੰਚੇ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਮੌਕੇ ਤੋਂ ਪਿਸਟਲ ਦਾ ਖਾਲੀ ਖੋਲ੍ਹ ਵੀ ਬਰਾਮਦ ਕੀਤਾ ਹੈ, ਜਿਸ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ। ਥਾਣਾ ਮੁਖੀ ਕੁਲਵੰਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਮਰਦੀਪ ਸਿੰਘ ਬੋਨੀ ਪੁੱਤਰ ਇਕਬਾਲ ਸਿੰਘ ਵਾਸੀ ਉਕਤ ਦੇ ਰੂਪ ’ਚ ਹੋਈ ਹੈ। ਮ੍ਰਿਤਕ ਦੇ ਪਿਤਾ ਇਕਬਾਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਕਮਰੇ ’ਚ ਸੁੱਤੇ ਹੋਏ ਸਨ, ਜਦਕਿ ਉਸ ਦੀ ਨੂੰਹ ਦੋਵੇਂ ਬੱਚਿਆਂ ਨਾਲ ਇਕ ਕਮਰੇ ’ਚ ਸੁੱਤੇ ਹੋਏ ਸਨ ਅਤੇ ਅਮਰਦੀਪ ਦੂਜੇ ਕਮਰੇ ’ਚ ਸੁੱਤਾ ਪਿਆ ਸੀ। ਦੇਰ ਰਾਤ ਕਰੀਬ ਸਾਢੇ 10-11 ਵਜੇ ਅਮਰਦੀਪ ਦੇ ਕਮਰੇ ’ਚੋਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ।

ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਅਮਰਦੀਪ ਨੇ ਆਪਣੀ 32-ਬੋਰ ਦੀ ਲਾਈਸੈਂਸੀ ਪਿਸਟਲ ਨਾਲ ਖੁਦ ਦੀ ਕੰਨਪਟੀ ’ਤੇ ਫਾਇਰ ਕੀਤਾ ਹੋਇਆ ਸੀ ਅਤੇ ਉਹ ਲਹੂ-ਲੁਹਾਨ ਸੀ, ਜਿਸ ’ਤੇ ਉਨ੍ਹਾਂ ਨੇ ਰੌਲਾ ਪਾ ਕੇ ਆਂਢ-ਗੁਆਂਢ ਦੇ ਲੋਕਾਂ ਨੂੰ ਬੁਲਾਇਆ ਪਰ ਉਦੋਂ ਤੱਕ ਅਮਰਦੀਪ ਦੀ ਮੌਤ ਹੋ ਚੁੱਕੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਹੌਂਡਾ ਕੰਪਨੀ ’ਚ ਬਤੌਰ ਮੈਨੇਜਰ ਨੌਕਰੀ ਕਰਦਾ ਸੀ, ਬੀਤੀ ਰਾਤ ਉਹ ਗੁਆਂਢ ’ਚੋਂ ਇਕ ਜਨਮ ਦਿਨ ਪਾਰਟੀ ’ਚ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਗਿਆ ਸੀ। ਜਿੱਥੋਂ ਉਹ ਕਰੀਬ 10 ਵਜੇ ਘਰ ਵਾਪਸ ਪਰਤ ਆਏ ਸਨ। ਫਿਲਹਾਲ ਪੁਲਸ ਵੱਲੋਂ ਮ੍ਰਿਤਕ ਦੇ ਪਿਤਾ ਇਕਬਾਲ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ’ਚ ਲਿਆਉਂਦੇ ਹੋਏ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

Anuradha

This news is Content Editor Anuradha