ਚੋਰੀ ਦੇ ਗਹਿਣੇ ਵੇਚਣ ਆ ਰਿਹਾ ਨੌਜਵਾਨ ਕਾਬੂ

08/10/2017 7:33:19 AM

ਭੁਲੱਥ, (ਰਜਿੰਦਰ, ਭੂਪੇਸ਼)- ਚੋਰੀ ਕੀਤੇ ਸੋਨੇ ਦੇ ਗਹਿਣੇ ਵੇਚਣ ਆ ਰਹੇ ਨੌਜਵਾਨ ਨੂੰ ਭੁਲੱਥ ਪੁਲਸ ਨੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜਿਸ ਪਾਸੋਂ ਚੋਰੀ ਦੀਆਂ ਸੋਨੇ ਦੀਆਂ 7 ਮੁੰਦਰੀਆਂ ਤੇ ਵਾਲੀਆਂ ਦੇ 2 ਜੋੜੇ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਭੁਲੱਥ ਇੰਸਪੈਕਟਰ ਅਮਰਨਾਥ ਨੇ ਦੱਸਿਆ ਕਿ ਲੁੱਟਾਂ-ਖੋਹਾਂ ਤੇ ਚੋਰੀਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਥਾਣਾ ਭੁਲੱਥ ਦੇ ਏ. ਐੱਸ. ਆਈ. ਸੁਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਦੇ ਸਬੰਧ 'ਚ ਅੱਡਾ ਭੋਗਪੁਰ ਵਿਖੇ ਮੌਜੂਦ ਸਨ ਕਿ ਇਸ ਦੌਰਾਨ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਤਜਿੰਦਰਜੀਤ ਉਰਫ ਹੈਪੀ ਪੁੱਤਰ ਸਤਨਾਮ ਸਿੰਘ ਵਾਸੀ ਕੁੱਦੋਵਾਲ ਥਾਣਾ ਕਰਤਾਰਪੁਰ, ਜ਼ਿਲਾ ਜਲੰਧਰ, ਜੋ ਕਿ ਚੋਰੀਆਂ ਕਰਨ ਦਾ ਆਦੀ ਹੈ। ਇਸ ਨੇ ਕੁਝ ਦਿਨ ਪਹਿਲਾਂ ਥਾਣਾ ਕਰਤਾਰਪੁਰ ਅਧੀਨ ਪੈਂਦੇ ਪਿੰਡ ਦਿਆਲਪੁਰ ਵਿਖੇ ਨਰਿੰਦਰ ਕੁਮਾਰ ਪੁੱਤਰ ਸਵ. ਮਦਨ ਲਾਲ ਦੇ ਘਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਸੋਨੇ ਦੇ ਗਹਿਣੇ ਚੋਰੀ ਕੀਤੇ ਹਨ ਅਤੇ ਹੁਣ ਉਹ ਸੋਨੇ ਦੇ ਗਹਿਣੇ ਵੇਚਣ ਲਈ ਭੁਲੱਥ ਸ਼ਹਿਰ ਨੂੰ ਆ ਰਿਹਾ ਹੈ ਜਿਸ ਸਬੰਧੀ ਪੁਲਸ ਪਾਰਟੀ ਵਲੋਂ ਭੁਲੱਥ ਵਿਖੇ ਕਰਤਾਰਪੁਰ ਰੋਡ 'ਤੇ ਮਹਾਰਾਜ ਪੈਲੇਸ ਕੋਲ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਕਰਤਾਰਪੁਰ ਵਾਲੇ ਪਾਸਿਓਂ ਆ ਰਹੇ ਸਕੂਟਰੀ ਚਾਲਕ ਨੂੰ ਕਾਬੂ ਕਰ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਸਕਟੂਰ ਚਾਲਕ ਨੇ ਆਪਣਾ ਨਾਂ ਤਜਿੰਦਰਜੀਤ ਉਰਫ ਹੈਪੀ ਦੱਸਿਆ ਅਤੇ ਮੌਕੇ 'ਤੇ ਇਸ ਦੀ ਤਲਾਸ਼ੀ ਲਈ ਗਈ ਤਾਂ ਇਸ ਕੋਲੋਂ ਸੋਨੇ ਦੀਆਂ 7 ਮੁੰਦਰੀਆਂ ਤੇ ਸੋਨੇ ਦੀਆਂ ਵਾਲੀਆਂ ਦੇ 2 ਜੋੜੇ ਬਰਾਮਦ ਹੋਏ। ਐੱਸ.ਐੱਚ.ਓ. ਭੁਲੱਥ ਨੇ ਦੱਸਿਆ ਕਿ ਤਜਿੰਦਰਜੀਤ ਦੇ ਖਿਲਾਫ ਥਾਣਾ ਭੁਲੱਥ ਵਿਖੇ ਕੇਸ ਦਰਜ ਕਰ ਕੇ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। 
ਇਸੇ ਤਰ੍ਹਾਂ ਪੁਲਸ ਨੇ ਇਕ ਹੋਰ ਵਿਅਕਤੀ ਜੋ ਕਿ ਲੁੱਟਾਂ-ਖੋਹਾਂ ਦੇ ਮਾਮਲੇ 'ਚ ਭਗੌੜਾ ਸੀ, ਨੂੰ ਸਬ-ਇੰਸਪੈਕਟਰ ਬਲਜੀਤ ਸਿੰਘ ਨੇ ਗ੍ਰਿਫਤਾਰ ਕੀਤਾ ਜਿਸ ਨੇ ਆਪਣਾ ਨਾਂ ਤਲਜੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਹੁਸਨ ਮੁੰਡਾ, ਥਾਣਾ ਕਰਤਾਰਪੁਰ ਦੱਸਿਆ ਜੋ ਕਿ ਭਗੌੜਾ ਸੀ ਤੇ ਭੁਲੱਥ ਪੁਲਸ ਨੂੰ ਲੋੜੀਂਦਾ ਸੀ।