ਪਤਨੀ ਅਤੇ ਸਹੁਰਿਆਂ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

02/27/2018 7:06:27 AM

ਚੰਡੀਗੜ੍ਹ, (ਸੁਸ਼ੀਲ)- ਪਤਨੀ ਅਤੇ ਸਹੁਰਿਆਂ ਵੱਲੋਂ ਪ੍ਰੇਸ਼ਾਨ ਹੋ ਕੇ ਡੱਡੂਮਾਜਰਾ 'ਚ 25 ਸਾਲ ਦੇ ਨੌਜਵਾਨ ਨੇ ਕੰਧ 'ਤੇ ਖੁਦਕੁਸ਼ੀ ਨੋਟ ਚਿਪਕਾ ਕੇ ਫਾਹਾ ਲਾ ਲਿਆ। ਸੋਮਵਾਰ ਸਵੇਰੇ ਕਮਰੇ ਦਾ ਦਰਵਾਜ਼ਾ ਨਾ ਖੁੱਲ੍ਹਾ ਤਾਂ ਪਰਿਵਾਰ ਦਰਵਾਜ਼ਾ ਤੋੜ ਕੇ ਅੰਦਰ ਗਿਆ, ਨੌਜਵਾਨ ਫਾਹੇ 'ਤੇ ਲਟਕਿਆ ਹੋਇਆ ਸੀ। ਪਰਿਵਾਰ ਨੇ ਤੁਰੰਤ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੌਜਵਾਨ ਨੂੰ ਫਾਹੇ ਤੋਂ ਉਤਾਰ ਕੇ ਸੈਕਟਰ-16 ਜਨਰਲ ਹਸਪਤਾਲ ਲੈ ਗਈ, ਇਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਮ੍ਰਿਤਕ ਦੀ ਪਹਿਚਾਣ ਡੱਡੂਮਾਜਰਾ ਨਿਵਾਸੀ ਪ੍ਰਦੀਪ ਕੁਮਾਰ ਦੇ ਰੂਪ 'ਚ ਹੋਈ। ਉਹ ਆਮਦਨ ਟੈਕਸ ਵਿਭਾਗ 'ਚ ਡਾਟਾ ਐਂਟਰੀ ਆਪ੍ਰੇਟਰ ਸੀ। ਪ੍ਰਦੀਪ ਨੇ ਖੁਦਕੁਸ਼ੀ ਨੋਟ 'ਚ ਲਿਖਿਆ ਹੈ ਕਿ ਉਸਦਾ ਸਹੁਰਾ ਰਾਮਰਤਨ, ਸੱਸ ਸੁਰੇਸ਼ਨੀ, ਸਾਲਾ ਵਿੱਕੀ, ਰਵੀ, ਬੁੱਧ ਪ੍ਰਕਾਸ਼ ਅਤੇ ਪਤਨੀ ਸੁਮਿਤ ਉਸਨੂੰ ਜਾਨੋਂ ਮਾਰਨ ਤੇ ਉਸ 'ਤੇ ਦਾਜ ਦਾ ਮਾਮਲਾ ਦਰਜ ਕਰਵਾਉਣ ਦੀਆਂ ਧਮਕੀਆਂ ਦੇ ਰਹੇ ਹਨ। ਸਹੁਰਾ ਪਰਿਵਾਰ ਨੇ ਉਸਦਾ ਜਿਊਣਾ ਹਰਾਮ ਕਰ ਰੱਖਿਆ ਹੈ ਤੇ ਉਨ੍ਹਾਂ ਤੋਂ ਪ੍ਰੇਸ਼ਾਨ ਹੋ ਕੇ ਉਹ ਫਾਹਾ ਲਾ ਰਿਹਾ ਹੈ। ਮਲੋਆ ਥਾਣਾ ਪੁਲਸ ਨੇ ਖੁਦਕੁਸ਼ੀ ਨੋਟ ਦੇ ਆਧਾਰ 'ਤੇ ਉਕਤ ਦੋਸ਼ੀਆਂ ਖਿਲਾਫ ਪ੍ਰਦੀਪ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਛੇਤੀ ਹੀ ਪ੍ਰਦੀਪ ਦਾ ਖੁਦਕੁਸ਼ੀ ਨੋਟ ਜਾਂਚ ਲਈ ਸੀ. ਐੱਫ. ਐੱਸ. ਐੱਲ. ਭੇਜੇਗੀ।
ਭਰਾ ਬੋਲਿਆ-ਰਵਿੰਦਰ ਵੱਲੋਂ ਕੁੱਟ-ਮਾਰ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ
ਡੱਡੂਮਾਜਰਾ ਨਿਵਾਸੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਸੋਮਵਾਰ ਸਵੇਰੇ ਉਸਦਾ ਭਰਾ ਪ੍ਰਦੀਪ ਕੁਮਾਰ ਘਰ ਦਾ ਦਰਵਾਜ਼ਾ ਨਹੀਂ ਖੋਲ੍ਹ ਰਿਹਾ ਸੀ, ਉਨ੍ਹਾਂ ਕਾਫੀ ਦੇਰ ਤਕ ਦਰਵਾਜ਼ਾ ਖੜਕਾਇਆ ਪਰ ਉਸਨੇ ਦਰਵਾਜ਼ਾ ਨਾ ਖੋਲ੍ਹਿਆ। ਉਹ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਗਏ ਤਾਂ ਪ੍ਰਦੀਪ ਨੇ ਗਲੇ 'ਚ ਰੱਸੀ ਨਾਲ ਫਾਹਾ ਲਾ ਰੱਖਿਆ ਸੀ। ਕੰਧ 'ਤੇ ਖੁਦਕੁਸ਼ੀ ਨੋਟ ਚਿਪਕਾਇਆ ਹੋਇਆ ਸੀ, ਉਨ੍ਹਾਂ ਇਸਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪ੍ਰਦੀਪ ਨੂੰ ਫਾਹੇ ਤੋਂ ਉਤਾਰਿਆ ਅਤੇ ਹਸਪਤਾਲ ਲੈ ਕੇ ਗਈ। ਇਥੇ ਡਾਕਟਰਾਂ ਨੇ ਉਸਨੂੰ ਮ੍ਰਿਕਤ ਘੋਸ਼ਿਤ ਕਰ ਦਿੱਤਾ। ਰਵਿੰਦਰ ਨੇ ਦੱਸਿਆ ਕਿ 25 ਫਰਵਰੀ ਨੂੰ ਪ੍ਰਦੀਪ ਦੇ ਸਹੁਰੇ ਰਾਮਰਤਨ, ਸੱਸ ਸੁਰੇਸ਼ਨੀ, ਸਾਲਾ ਵਿੱਕੀ, ਰਵੀ, ਬੁੱਧ ਪ੍ਰਕਾਸ਼ ਉਸਦੇ ਘਰ ਆਏ ਸਨ, ਉਨ੍ਹਾਂ ਨੇ ਭਰਾ ਨਾਲ ਕੁੱਟ-ਮਾਰ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਉਹ ਪ੍ਰਦੀਪ ਦੀ ਪਤਨੀ ਨੂੰ ਆਪਣੇ ਨਾਲ ਲੈ ਗਏ ਸਨ। ਪ੍ਰਦੀਪ ਦਾ ਵਿਆਹ ਦਸੰਬਰ 2012 'ਚ ਸੈਕਟਰ-38 ਨਿਵਾਸੀ ਸੁਮਿਤ ਨਾਲ ਹੋਇਆ ਸੀ। ਮਲੋਆ ਥਾਣਾ ਇੰਚਾਰਜ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪ੍ਰਦੀਪ ਦੇ ਖੁਦਕੁਸ਼ੀ ਨੋਟ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।