ਨੌਜਵਾਨ ਨੂੰ ਘੇਰ ਕੇ ਕੁੱਟਿਆ; 1 ਗ੍ਰਿਫਤਾਰ, 4 ਫਰਾਰ

10/22/2017 3:52:39 AM

ਨੂਰਪੁਰਬੇਦੀ, (ਭੰਡਾਰੀ)- ਨੇੜਲੇ ਪਿੰਡ ਕਾਹਨਪੁਰ ਖੂਹੀ ਦੇ ਬੱਸ ਅੱਡੇ 'ਤੇ ਖਰੀਦਦਾਰੀ ਕਰਨ ਆਏ ਇਕ ਨੌਜਵਾਨ ਦੀ ਅੱਧਾ ਦਰਜਨ ਨੌਜਵਾਨਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸੰਬੰਧ 'ਚ ਪੁਲਸ ਨੇ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚੌਕੀ ਇੰਚਾਰਜ ਕਲਵਾਂ ਏ. ਐੱਸ. ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਅਵਿਨਾਸ਼ ਕੁਮਾਰ ਉਰਫ ਸੇਠੀ ਪੁੱਤਰ ਕੁਲਦੀਪ ਚੰਦ ਵਾਸੀ ਹਰੀਪੁਰ ਜਦੋਂ ਕਾਹਨਪੁਰ ਖੂਹੀ ਦੇ ਬੱਸ ਅੱਡੇ 'ਤੇ ਇਕ ਦੁਕਾਨ ਤੋਂ ਮਠਿਆਈ ਦਾ ਡੱਬਾ ਖਰੀਦਣ ਲਈ ਪਹੁੰਚਿਆ ਤਾਂ ਉਸ ਦੀ 5 ਨੌਜਵਾਨਾਂ ਦਵਿੰਦਰ ਕੁਮਾਰ ਉਰਫ ਬਿੰਦੂ ਪੁੱਤਰ ਰਾਮ ਪਿਆਰਾ, ਜੁਝਾਰ ਸਿੰਘ ਉਰਫ ਜਾਰੀ ਪੁੱਤਰ ਰਾਮ ਪ੍ਰਕਾਸ਼, ਸੁਰਿੰਦਰ ਸਿੰਘ ਉਰਫ ਛੋਟਾ ਪੁੱਤਰ ਦਿਲਾਵਰ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ ਤੇ ਨਰੇਸ਼ ਕੁਮਾਰ ਵਾਸੀ ਭਨੂਹਾਂ ਨੇ ਕੁੱਟਮਾਰ ਕੀਤੀ।
ਇਕ ਹਮਲਾਵਰ ਨੌਜਵਾਨ ਸੁਰਿੰਦਰ ਸਿੰਘ ਨੇ ਆਪਣੀ ਸਿਰੀ ਸਾਹਿਬ ਕੱਢ ਕੇ ਨੌਜਵਾਨ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਮੱਥੇ 'ਤੇ ਦੋ ਵਾਰ ਕੀਤੇ। ਇਸ ਦੌਰਾਨ ਲੜਾਈ ਦੀਆਂ ਆਵਾਜ਼ਾਂ ਸੁਣ ਕੇ ਜਦੋਂ ਆਲੇ-ਦੁਆਲੇ ਦੇ ਦੁਕਾਨਦਾਰ ਤੇ ਰਾਹਗੀਰ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਹਮਲਾਵਰ ਰਫੂਚੱਕਰ ਹੋ ਗਏ। ਜ਼ਖਮੀ ਹੋਏ ਨੌਜਵਾਨ ਨੂੰ ਮੌਕੇ 'ਤੇ ਮੌਜੂਦ ਕੁਝ ਜਾਣਕਾਰਾਂ ਨੇ ਸਰਕਾਰੀ ਹਸਪਤਾਲ ਸਿੰਘਪੁਰ 'ਚ ਦਾਖਲ ਕਰਵਾਇਆ।
ਏ. ਐੱਸ. ਆਈ. ਨੇ ਦੱਸਿਆ ਕਿ ਹਮਲਾਵਰਾਂ 'ਚੋਂ ਦਵਿੰਦਰ ਕੁਮਾਰ ਉਰਫ ਬਿੰਦੂ ਨੂੰ ਗ੍ਰਿਫਤਾਰ ਕਰ ਕੇ ਸ੍ਰੀ ਆਨੰਦਪੁਰ ਸਾਹਿਬ ਦੀ ਆਦਲਤ 'ਚ ਪੇਸ਼ ਕਰ ਕੇ 2 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ।