ਔਰਤਾਂ ਦੇ ਚੋਰ ਗਿਰੋਹ ਨੇ ਕਰਿਆਨੇ ਦੇ ਗੋਦਾਮ ''ਤੇ ਬੋਲਿਆ ਧਾਵਾ

Tuesday, Jun 20, 2017 - 07:42 AM (IST)

ਸਮਰਾਲਾ,  (ਗਰਗ, ਬੰਗੜ)- ਅੱਜ ਸਮਰਾਲਾ ਵਿਖੇ ਦਿਨ-ਦਿਹਾੜੇ ਔਰਤਾਂ ਦੇ ਇਕ ਵੱਡੇ ਚੋਰ ਗਿਰੋਹ ਵੱਲੋਂ ਇਕ ਕਰਿਆਨੇ ਦੇ ਗੋਦਾਮ 'ਤੇ ਧਾਵਾ ਬੋਲਣ ਦੀ ਖਬਰ ਹੈ। ਇਸ ਦੌਰਾਨ ਸਾਮਾਨ ਚੁੱਕ ਕੇ ਭੱਜਣ ਦੀ ਕੋਸ਼ਿਸ਼ ਦੌਰਾਨ ਚਾਰ ਔਰਤਾਂ ਨੂੰ ਮੌਕੇ 'ਤੇ ਸਾਮਾਨ ਸਮੇਤ ਕਾਬੂ ਕਰ ਲਏ ਜਾਣ ਦਾ ਪਤਾ ਚੱਲਿਆ ਹੈ, ਜਦਕਿ ਬਾਕੀ ਦੀਆਂ ਦਰਜਨ ਤੋਂ ਵੱਧ ਉਨ੍ਹਾਂ ਦੀਆਂ ਸਾਥਣਾਂ ਮੌਕੇ ਦਾ ਫ਼ਾਇਦਾ ਉਠਾ ਕੇ ਫਰਾਰ ਹੋਣ 'ਚ ਸਫ਼ਲ ਹੋ ਗਈਆਂ। ਮਾਲਕਾਂ ਵੱਲੋਂ ਫੜੀਆਂ ਔਰਤਾਂ ਨੂੰ ਥਾਣਾ ਸਮਰਾਲਾ ਦੇ ਹਵਾਲੇ ਕਰ ਦਿੱਤਾ ਗਿਆ। 
ਜਾਣਕਾਰੀ ਅਨੁਸਾਰ ਅੱਜ ਸ਼ਹਿਰ 'ਚ ਕੁਝ ਚੋਰ ਔਰਤਾਂ ਨੂੰ ਚੋਰੀ ਕਰਦੇ ਹੋਏ ਗੋਦਾਮ ਦੇ ਮਾਲਕਾਂ ਨੇ ਉਸ ਸਮੇਂ ਕਾਬੂ ਕਰ ਲਿਆ ਜਦੋਂ ਉਹ ਗੋਦਾਮ 'ਚੋਂ ਸਾਮਾਨ ਲੈਣ ਗਏ ਸਨ। ਗੋਦਾਮ ਅੰਦਰ ਕਰੀਬ 20 ਔਰਤਾਂ ਨੂੰ ਅੰਦਰ ਦੇਖ ਕੇ ਬਿਮਲਾ ਇੰਟਰਪ੍ਰਾਈਜ਼ਿਜ਼ ਦੇ ਕਰਮਚਾਰੀ ਨੇ ਰੌਲਾ ਪਾਇਆ ਤਾਂ ਮਾਲਕ ਮੌਕੇ 'ਤੇ ਪਹੁੰਚ ਗਿਆ। ਔਰਤਾਂ ਦਾ ਗਿਰੋਹ ਫਰਾਰ ਹੋਣ ਲੱਗਾ ਤਾਂ 4 ਔਰਤਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ। ਮੌਕੇ 'ਤੇ ਸੱਦੀ ਗਈ ਪੁਲਸ ਦੇ ਅਧਿਕਾਰੀਆਂ ਵੱਲੋਂ ਔਰਤਾਂ ਨੂੰ ਸਾਮਾਨ ਸਮੇਤ ਗ੍ਰਿਫ਼ਤਾਰ ਕਰ ਕੇ ਥਾਣੇ ਲਿਜਾਇਆ ਗਿਆ। 
ਇਸ ਮੌਕੇ ਲੋਕਾਂ ਨੇ ਥੋੜ੍ਹੀ ਦੂਰ ਪੁਲਸ ਨੂੰ ਮਾਲ ਵੀ ਬਰਾਮਦ ਕਰਵਾ ਦਿੱਤਾ, ਜੋ ਚੋਰ ਗਿਰੋਹ ਵੱਲੋਂ ਚੋਰੀ ਕੀਤਾ ਗਿਆ ਸੀ। ਬਿਮਲਾ ਇੰਟਰਪ੍ਰਾਈਜ਼ਿਜ਼ ਦੇ ਮਾਲਕ ਸ਼ਿਵਮ ਨੇ ਦੱਸਿਆ ਕਿ ਐਤਵਾਰ ਦੁਕਾਨਾਂ ਬੰਦ ਸਨ ਅਤੇ ਉਹ ਪਰਿਵਾਰ ਸਮੇਤ ਬਾਹਰ ਗਿਆ ਹੋਇਆ ਸੀ, ਜਦੋਂ ਉਹ ਗੋਦਾਮ ਵਿਚ ਪਹੁੰਚੇ ਤਾਂ ਗੋਦਾਮ ਅੰਦਰ ਕਰੀਬ 20 ਔਰਤਾਂ ਦਾ ਗਿਰੋਹ ਸਾਮਾਨ ਇੱਕਠਾ ਕਰ ਰਿਹਾ ਸੀ, ਜਿਨ੍ਹਾਂ ਨੇ  ਭੱਜਣ ਦੀ ਕੋਸ਼ਿਸ ਕੀਤੀ। ਚੋਰੀ ਦਾ ਸ਼ਿਕਾਰ ਹੋਏ ਦੁਕਾਨਦਾਰ ਨੇ  ਦੱਸਿਆ ਕਿ ਫਰਾਰ ਹੋਈਆਂ ਚੋਰ ਔਰਤਾਂ ਨੂੰ ਭਜਾਉਣ ਲਈ ਇਕ ਜੀਪ ਚਾਲਕ ਵੱਲੋਂ ਮਦਦ ਕੀਤੀ ਗਈ ਹੈ। ਮਾਮਲੇ ਦੇ ਤਫਤੀਸ਼ੀ ਅਫ਼ਸਰ ਕੀਮਤੀ ਲਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


Related News