ਹੋਟਲ ''ਚ ਹੋਈ ਵਿਦਿਆਰਥੀਆਂ ਦੀ ਲੜਾਈ ਨੇ ਧਾਰਿਆ ਹਿੰਸਕ ਰੂਪ

Tuesday, Aug 08, 2017 - 07:23 AM (IST)

ਜਲੰਧਰ, (ਪ੍ਰੀਤ)— ਬੀਤੇ ਦਿਨ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਸਥਿਤ ਇਕ ਹੋਟਲ ਵਿਚ ਵਿਦਿਆਰਥੀਆਂ ਵਿਚਕਾਰ ਹੋਈ ਲੜਾਈ ਅੱਜ ਪੀ. ਪੀ. ਆਰ. ਮਾਲ ਵਿਚ ਹਿੰਸਕ ਰੂਪ ਧਾਰ ਗਈ। ਸ਼ਹਿਰ ਦੇ ਚੰਗੇ ਘਰਾਣਿਆਂ ਦੇ ਵਿਗੜੇ ਕਾਕੇ ਅੱਜ ਪੀ. ਪੀ. ਆਰ. ਮਾਲ ਵਿਖੇ ਆਹਮੋ-ਸਾਹਮਣੇ ਹੋ ਗਏ। ਇਕ-ਦੂਸਰੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਫਾਇਰ ਕੀਤੇ। ਹਮਲਾਵਰਾਂ ਦੁਆਰਾ ਕੀਤੇ ਗਏ ਇਕ ਫਾਇਰ ਦੌਰਾਨ ਉਥੋਂ ਲੰਘ ਰਹੇ ਪੱਤਰਕਾਰ ਵਾਲ-ਵਾਲ ਬਚੇ। ਫਾਇਰ ਪੱਤਰਕਾਰ ਦੀ ਗੱਡੀ ਦਾ ਪਿਛਲਾ ਸ਼ੀਸ਼ਾ ਚੀਰ ਕੇ ਨਿਕਲ ਗਿਆ ਕਿਉਂਕਿ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ। 
ਇਸ ਲਈ ਥਾਣਾ ਨੰਬਰ 7 ਦੇ ਐੱਸ. ਐੱਚ. ਓ. ਦੇ ਬਿਆਨਾਂ 'ਤੇ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ। ਪੁਲਸ ਨੇ ਦੇਰ ਸ਼ਾਮ ਤੱਕ ਮਾਰਕੁੱਟ ਵਿਚ ਸ਼ਾਮਲ 4 ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਜਾਣਕਾਰੀ ਮੁਤਾਬਕ ਅੱਜ ਦੁਪਹਿਰ ਬਾਅਦ ਪੀ. ਪੀ. ਆਰ. ਮਾਲ ਵਿਖੇ ਵਿਦਿਆਰਥੀਆਂ ਦੇ 2 ਧੜੇ ਆਹਮੋ-ਸਾਹਮਣੇ ਹੋ ਗਏ। ਤਿੱਖੀ ਨੋਕ ਝੋਕ ਦੌਰਾਨ ਇਕ-ਦੂਸਰੇ 'ਤੇ ਹਮਲਾ ਕਰ ਦਿੱਤਾ। ਇਕ ਧੜੇ ਦੁਆਰਾ ਫਾਇਰਿੰਗ ਕਰ ਦਿੱਤੀ ਗਈ। ਫਾਇਰ ਹੁੰਦੇ ਹੀ ਸਾਰੇ ਨੌਜਵਾਨ ਖਿਲਰ ਗਏ।  ਇਸ ਦੌਰਾਨ ਇਕ ਫਾਇਰ ਉਥੋਂ ਲੰਘ ਰਹੇ ਪੱਤਰਕਾਰ ਸੰਦੀਪ ਸਾਹੀ ਅਤੇ ਗਗਨ ਵਾਲੀਆ ਦੀ ਗੱਡੀ ਦੇ ਪਿਛਲੇ ਸ਼ੀਸ਼ੇ ਨੂੰ ਚੀਰਦਾ ਹੋਇਆ ਨਿਕਲ ਗਿਆ। ਸੰਦੀਪ ਸਾਹੀ ਘਟਨਾ ਵਿਚ ਵਾਲ-ਵਾਲ ਬਚੇ। ਸੂਚਨਾ ਮਿਲਦੇ ਹੀ ਡੀ. ਸੀ.ਪੀ. ਰਾਜਿੰਦਰ ਸਿੰਘ, ਏ. ਡੀ. ਸੀ. ਪੀ. ਮਨਦੀਪ ਸਿੰਘ, ਏ. ਡੀ. ਸੀ.ਪੀ. ਸਿਟੀ-2 ਸੂਡਰ ਵਿਜੀ, ਏ. ਸੀ.ਪੀ. ਸਮੀਰ ਵਰਮਾ, ਥਾਣਾ ਨੰਬਰ 7 ਦੇ ਇੰਸ. ਵਿਜੇ ਕੁਮਾਰ ਪਾਲ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਏ। 
ਪੁਲਸ ਨੇ ਮੌਕੇ 'ਤੇ ਇਕ ਧੜੇ ਦੇ ਦੋ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ। ਪੱਤਰਕਾਰ ਸੰਦੀਪ ਨੇ ਦੱਸਿਆ ਕਿ ਉਹ ਅਤੇ ਗਗਨ ਦੋਵੇਂ ਕਾਰ ਵਿਚ ਲੰਘ ਰਹੇ ਸਨ। ਪੀ. ਪੀ. ਆਰ. ਮਾਲ ਵਿਚ ਇਕ ਰੈਸਟੋਰੈਂਟ ਦੇ ਨੇੜੇ 20-25 ਲੜਕੇ ਮੌਜੂਦ ਸਨ। ਉਹ ਅਜੇ ਰੁਕਣ ਹੀ ਲੱਗੇ ਸਨ ਕਿ ਅਚਾਨਕ ਨੌਜਵਾਨਾਂ ਨੇ ਆਪਸ ਵਿਚ ਫਾਇਰਿੰਗ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਗੱਡੀ ਅੱਗੇ ਵਧਾਈ ਤਾਂ ਇਕ ਫਾਇਰ ਉਨ੍ਹਾਂ ਦੇ ਪਿਛਲੇ ਸ਼ੀਸ਼ੇ ਨੂੰ ਚੀਰ ਕੇ ਨਿਕਲ ਗਿਆ। ਸੰਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ 'ਤੇ ਪੁਲਸ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ।
ਝਗੜੇ 'ਚ ਚੰਗੇ ਘਰਾਂ ਦੇ ਵਿਗੜੇ ਕਾਕੇ- ਪੁਲਸ ਸੂਤਰਾਂ ਨੇ ਦੱਸਿਆ ਕਿ ਝਗੜੇ ਵਿਚ ਸਾਰੇ ਵਿਦਿਆਰਥੀ ਸ਼ਹਿਰ ਦੇ ਚੰਗੇ ਘਰਾਣਿਆਂ ਨਾਲ ਸੰਬੰਧਤ ਹਨ। ਬੱਬੀ, ਰੋਹਿਤ ਸਹਿਦੇਵ ਊਧਮ ਸਿੰਘ ਨਗਰ ਦੇ ਅਤੇ ਹਨੀ ਚਾਹਲ ਅਤੇ ਸਿਮਰਨ ਰੰਧਾਵਾ ਵੀ ਚੰਗੇ ਘਰਾਣਿਆਂ ਨਾਲ ਸੰਬੰਧਤ ਹਨ। ਪੁਲਸ ਦਾ ਕਹਿਣਾ ਹੈ ਕਿ ਬੀਤੇ ਦਿਨ ਵੀ ਇਨ੍ਹਾਂ ਵਿਦਿਆਰਥੀਆਂ ਨੇ ਹੋਟਲ ਵਿਚ ਪਾਰਟੀ ਦੌਰਾਨ ਖੂਬ ਐਸ਼ ਕੀਤੀ ਸੀ।  ਚਰਚਾ ਹੈ ਕਿ ਸ਼ਰਾਬ ਦੇ ਨਸ਼ੇ ਵਿਚ ਹੀ ਸ਼ੁਰੂ ਹੋਇਆ ਝਗੜਾ ਅੱਜ ਫਾਇਰਿੰਗ ਤੱਕ ਪਹੁੰਚ ਗਿਆ।


Related News