ਆਂਡੇ ਚੋਰੀ ਕਰਦਿਆਂ ਹੋਈ ਸੀ ਵੀਡੀਓ ਵਾਇਰਲ, SSP ਨੇ ਲਿਆ ਸਖ਼ਤ ਐਕਸ਼ਨ (ਵੀਡੀਓ)

05/14/2021 12:12:24 AM

ਫਤਿਹਗੜ੍ਹ ਸਾਹਿਬ, (ਜਗਦੇਵ)- ਪੁਲਸ ਵਿਭਾਗ ’ਤੇ ਕੋਈ ਗ੍ਰਹਿ ਚੱਲਦਾ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ’ਚੋਂ ਪੁਲਸ ਮੁਲਾਜ਼ਮਾਂ ਨਾਲ ਜੁੜੇ ਮਾਮਲੇ ਸਾਹਮਣੇ ਆ ਰਹੇ ਹਨ ਉਥੇ ਹੀ ਇਕ ਮਾਮਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਹੈੱਡ ਕਾਂਸਟੇਬਲ ਵੱਲੋਂ ਸੜਕ ’ਤੇ ਖੜ੍ਹੀ ਰੇਹੜੀ ’ਚ ਪਏ ਆਂਡਿਆਂ ’ਚੋਂ ਚਾਰ ਆਂਡੇ ਚੋਰੀ ਕਰਦੇ ਦੀ ਵੀਡੀਓ ਵਾਇਰਲ ਹੋ ਗਈ ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਇਹ ਮਾਮਲਾ ਆ ਜਾਣ ਉਪਰੰਤ ਜ਼ਿਲ੍ਹਾ ਪੁਲਸ ਮੁਖੀ ਅਮਨੀਤ ਕੌਂਡਲ ਵਲੋਂ ਉਕਤ ਹੈੱਡ ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ । ਇੱਥੇ ਹੀ ਬਸ ਨਹੀਂ ਇਸ ਪੁਲਸ ਮੁਲਾਜ਼ਮ ਦੀ ਐੱਸ. ਐੱਸ. ਪੀ. ਵੱਲੋਂ ਵਿਭਾਗੀ ਇਨਕੁਆਰੀ ਵੀ ਖੋਲ੍ਹ ਦਿੱਤੀ ਗਈ ਹੈ । ਜ਼ਿਲ੍ਹਾ ਪੁਲਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਸ ਵਿਭਾਗ ’ਚ ਅਜਿਹੀਆਂ ਕਾਰਵਾਈਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਸਸਪੈਂਡ ਕੀਤਾ ਗਿਆ ਇਹ ਹੈੱਡ ਕਾਂਸਟੇਬਲ ਤਹਿਸੀਲ ਦਫਤਰ ਫਤਿਹਗੜ੍ਹ ਸਾਹਿਬ ’ਚ ਗਾਰਡ ਦੇ ਤੌਰ ’ਤੇ ਤਾਇਨਾਤ ਸੀ । ਐੱਸ. ਐੱਸ. ਪੀ. ਨੇ ਦੱਸਿਆ ਕਿ ਇਹ ਵੀਡੀਓ ਜੋਤੀ ਸਰੂਪ ਚੌਕ ਦੇ ਨਜ਼ਦੀਕ ਦੀ ਦੱਸੀ ਜਾ ਰਹੀ ਹੈ ।

ਇਹ ਵੀ ਪੜ੍ਹੋ- ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਕਾਰਣ 184 ਮਰੀਜ਼ਾਂ ਦੀ ਮੌਤ, ਇੰਨੇ ਪਾਜ਼ੇਟਿਵ

ਮਾਮਲਾ ਇਹ ਰਿਹਾ ਕਿ ਇਕ ਰੇਹੜੀ ’ਤੇ ਆਂਡਿਆਂ ਦੀਆਂ ਟਰੇਆਂ ਰੱਖ ਕੇ ਵੱਖ-ਵੱਖ ਦੁਕਾਨਾਂ ’ਤੇ ਆਂਡੇ ਵੇਚਣ ਵਾਲਾ ਵਿਅਕਤੀ ਕਿਸੇ ਦੁਕਾਨ ’ਤੇ ਆਂਡੇ ਦੇਣ ਗਿਆ ਸੀ ਤਾਂ ਇੰਨੇ ’ਚ ਹੀ ਰੋਡ ’ਤੇ ਖੜ੍ਹੇ ਪੁਲਸ ਮੁਲਾਜ਼ਮ ਨੇ ਉਸ ਦੀ ਰੇਹੜੀ ’ਚੋਂ ਆਂਡੇ ਚੋਰੀ ਕਰਕੇ ਆਪਣੀ ਜੇਬ ’ਚ ਪਾ ਲਏ ਜਿਸ ਦੇ ਕੋਲ ਖੜ੍ਹੇ ਕਿਸੇ ਵਿਅਕਤੀ ਨੇ ਵੀਡੀਓ ਬਣਾ ਲਈ। ਆਂਡੇ ਵੇਚਣ ਵਾਲੇ ਵਿਅਕਤੀ ਮੁਤਾਬਕ ਉਸ ਦੀ ਰੇਹੜੀ ’ਚੋਂ ਚਾਰ ਆਂਡੇ ਗਾਇਬ ਸਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਪੁਲਸ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਗਈ ।

Bharat Thapa

This news is Content Editor Bharat Thapa