ਪੀੜਤ ਪਰਿਵਾਰ ਨੇ ਇਨਸਾਫ ਲਈ ਪੁਲਸ ਨੂੰ ਕੀਤੀ ਬੇਨਤੀ

08/25/2018 5:30:12 AM

ਹੁਸ਼ਿਆਰਪੁਰ, (ਅਮਰਿੰਦਰ)—ਮਾਹਿਲਪੁਰ ਥਾਣੇ ਅਧੀਨ ਆਉਂਦੇ ਪਿੰਡ ਖਰੌਂਦੀ ਦੇ ਰਹਿਣ ਵਾਲੇ ਸੇਵਾ ਸਿੰਘ ਨੇ ਆਪਣੇ ਪਿਤਾ ਹਰਦੇਵ ਸਿੰਘ, ਮਾਂ ਕਸ਼ਮੀਰ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦਿਵਾਉਣ ਲਈ ਪੁਲਸ ਨੂੰ ਅਪੀਲ ਕੀਤੀ। ਉਨ੍ਹਾਂ ਦੇ ਨਾਲ ਸੁਖਬੀਰ ਕੌਰ, ਅਮਰੀਕ ਸਿੰਘ ਅਤੇ ਸੁਖਵਿੰਦਰ ਸਿੰਘ ਵੀ ਮੌਜ਼ੂਦ ਸਨ। 
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਵਿਰੋਧੀਆਂ ਨੇ ਉਨ੍ਹਾਂ ਦੇ ਨਾਲ ਕੁੱਟਮਾਰ ਕਰ ਕੇ ਪੁਲਸ 'ਤੇ ਦਬਾਅ ਬਣਾ ਕੇ ਉਲਟਾ ਉਨ੍ਹਾਂ ਉਪਰ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਵਾ ਦਿੱਤਾ। ਉਨ੍ਹਾਂ ਨੇ ਮਾਹਿਲਪੁਰ ਪੁਲਸ 'ਤੇ ਦੋਸ਼ ਲਾਇਆ ਕਿ ਵਾਰ-ਵਾਰ ਮਿਲਣ ਦੇ ਬਾਵਜੂਦ ਕੋਈ ਉਨ੍ਹਾਂ ਦੀ ਗੱਲ ਤੱਕ ਸੁਣਨ ਲਈ ਤਿਆਰ ਨਹੀਂ ਹੋ ਰਿਹਾ। ਓਧਰ ਹੁਣ ਉਨ੍ਹਾਂ 'ਤੇ ਸਮਝੌਤਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਮਾਹਿਲਪੁਰ ਪੁਲਸ ਨੂੰ ਚਿਤਾਵਨੀ ਵੀ ਦਿੰਦੇ ਹੋਏ ਕਿਹਾ ਕਿ ਇਕ ਹਫਤੇ ਦੇ ਅੰਦਰ ਪੁਲਸ ਨੇ ਕਾਰਵਾਈ ਨਹੀਂ ਕੀਤੀ ਤਾਂ ਉਹ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋ ਜਾਣਗੇ। 
ਕੀ ਹੈ ਮਾਮਲਾ : ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸੇਵਾ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ 27 ਜੁਲਾਈ ਨੂੰ ਉਸਦੇ ਘਰ ਦੇ ਸਾਹਮਣੇ ਸੀਵਰੇਜ ਨੂੰ ਲੈ ਕੇ ਹੋਏ ਵਿਵਾਦ ਵਿਚ ਮੁਲਜ਼ਮਾਂ ਨੇ ਉਨ੍ਹਾਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਬਾਅਦ ਵਿਚ ਉਸਦੇ ਵਿਰੋਧੀਆਂ ਨੇ ਮਾਹਿਲਪੁਰ ਪੁਲਸ ਨੂੰ ਪ੍ਰਭਾਵ ਵਿਚ ਲੈਂਦੇ ਹੋਏ ਸਤਨਾਮ ਸਿੰਘ ਦੇ ਬਿਆਨ ਦੇ ਆਧਾਰ 'ਤੇ ਸੇਵਾ ਸਿੰਘ, ਸੁਖਵਿੰਦਰ ਸਿੰਘ, ਅਮਰੀਕ ਸਿੰਘ, ਵਰਿੰਦਰ ਸਿੰਘ, ਵਰਿੰਦਰ ਸੈਂਡੀ ਅਤੇ ਸੁਖਵਿੰਦਰ ਸਿੰਘ ਉਰਫ ਕਾਲਾ ਦੇ ਵਿਰੁੱਧ ਮਾਮਲਾ ਦਰਜ ਕਰਵਾ ਦਿੱਤਾ। ਜਦੋਂ ਮਾਹਿਲਪੁਰ ਪੁਲਸ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਤਾਂ ਉਨ੍ਹਾਂ ਨੇ 4 ਅਗਸਤ ਨੂੰ ਐੱਸ. ਐੱਸ. ਪੀ. ਨੂੰ ਮਿਲ ਕੇ ਇਨਸਾਫ ਦੀ ਅਪੀਲ ਕੀਤੀ, ਫਿਰ ਵੀ ਕੋਈ ਸੁਣਵਾਈ ਨਹੀਂ ਹੋ ਰਹੀ। 
ਮੈਡੀਕਲ ਰਿਪੋਰਟ ਦੇ ਆਧਾਰ 'ਤੇ ਹੋਇਆ ਹੈ ਮੁਲਜ਼ਮਾਂ 'ਤੇ ਪਰਚਾ : ਜਦੋਂ ਇਸ ਸਬੰਧ ਵਿਚ ਮਾਹਿਲਪੁਰ ਥਾਣੇ ਦੇ ਐੱਸ. ਐੱਚ. ਓ. ਬਲਜੀਤ ਸਿੰਘ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਆਧਾਰ ਰਹਿਤ ਦੱਸਿਆ। ਪੁਲਸ 'ਤੇ ਕੋਈ ਸਿਆਸੀ ਪ੍ਰਭਾਵ ਨਹੀਂ ਹੈ। ਪੁਲਸ  ਕੋਰਟ ਦੇ ਨਿਰਦੇਸ਼ ਦੀ ਪਾਲਣਾ ਕਰਦੇ ਹੋਏ ਮੈਡੀਕਲ ਰਿਪੋਰਟ ਦੇ ਆਧਾਰ 'ਤੇ 6 ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।