ਪੈਸਿਆਂ ਨੂੰ ਲੈ ਕੇ 2 ਧਿਰਾਂ ਆਪਸ ''ਚ ਭਿੜੀਆਂ

08/28/2017 3:08:21 AM

ਗਿੱਦੜਬਾਹਾ,  (ਸੰਧਿਆ)-  ਪਿੰਡ ਭਾਰੂ ਦੇ ਰਹਿਣ ਵਾਲੇ ਖੇਤ ਮਾਲਕ 'ਤੇ ਝੋਨਾ ਠੇਕੇ 'ਤੇ ਲਾਉਣ ਵਾਲੇ ਮਜ਼ਦੂਰ ਨੇ ਪੈਸੇ ਨਾ ਦੇਣ ਤੇ ਕੁੱਟਮਾਰ ਕਰਨ ਦਾ ਦੋਸ਼ ਲਾਇਆ, ਜਦਕਿ ਖੇਤ ਮਾਲਕ ਨੇ ਕਿਹਾ ਕਿ ਮਜ਼ਦੂਰ ਨੇ ਘਰ ਬੁਲਾ ਕੇ ਕੁੱਟਮਾਰ ਕੀਤੀ ਹੈ।
ਪਿੰਡ ਕੋਟਭਾਈ ਕੋਠੇ ਗੱਜਨ ਸਿੰਘ ਵਾਲਾ ਦੀ ਬਾਜ਼ੀਗਰ ਬਸਤੀ ਦੇ ਰਹਿਣ ਵਾਲੇ ਗੁਰਮੀਤ ਸਿੰਘ (30) ਉਰਫ ਟਿੱਕੀ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਭਾਰੂ ਦਾ ਰਹਿਣ ਵਾਲਾ ਗੁਰਮੀਤ ਸਿੰਘ ਲੱਖਾ ਪੁੱਤਰ ਜਗਸੀਰ ਸਿੰਘ ਹੱਥ 'ਚ ਰਿਵਾਲਵਰ ਲੈ ਕੇ ਆਪਣੇ ਵੱਡੇ ਭਰਾ ਗੁਰਪਿਆਰ ਸਿੰਘ ਨਾਲ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਉਨ੍ਹਾਂ ਦੇ ਘਰ 25 ਅਗਸਤ ਦੀ ਸ਼ਾਮ ਸਾਢੇ 5 ਵਜੇ ਆਇਆ। ਉਨ੍ਹਾਂ ਨੇ ਟਿੱਕੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਸਿਰ 'ਤੇ ਘੋਟਣਾ ਮਾਰਿਆ ਅਤੇ ਮੋਟਰਸਾਈਕਲ ਉਥੇ ਹੀ ਛੱਡ ਕੇ ਭੱਜ ਗਏ। 
ਰੌਲਾ ਸੁਣ ਕੇ ਲੋਕਾਂ ਨੇ ਗੁਰਪਿਆਰ ਸਿੰਘ ਨੂੰ ਮੌਕੇ 'ਤੇ ਫੜ ਕੇ ਕੋਟਭਾਈ ਪੁਲਸ ਦੇ ਹਵਾਲੇ ਕਰ ਦਿੱਤਾ। ਟਿੱਕੀ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਉਸ ਨੂੰ ਸਰਕਾਰੀ ਹਸਪਤਾਲ ਗਿੱਦੜਬਾਹਾ ਲਿਆਂਦਾ ਗਿਆ। ਸਾਢੇ 5 ਵਜੇ ਸਿਰ ਦੀ ਸੱਟ ਨੂੰ ਵੇਖਦਿਆਂ ਨੂੰ ਉਸ ਨੂੰ ਦੋਦਾ ਵਿਖੇ ਰੈਫਰ ਕਰ ਦਿੱਤਾ ਗਿਆ। ਲੇਡੀ ਡਾ. ਦੋਦਾ ਨੇ ਫਿਰ ਗਿੱਦੜਬਾਹਾ ਰੈਫਰ ਕਰ ਦਿੱਤਾ। ਗਿੱਦੜਬਾਹਾ ਤੋਂ ਫਿਰ 26 ਅਗਸਤ ਦੀ ਸਵੇਰੇ 9 ਵਜੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।
ਸਰਕਾਰੀ ਹਸਪਤਾਲ ਗਿੱਦੜਬਾਹਾ ਵਿਖੇ ਜ਼ੇਰੇ ਇਲਾਜ ਦੂਜੇ ਪਾਸੇ ਜਦੋਂ ਉਕਤ ਘਟਨਾ ਬਾਰੇ ਗੁਰਮੀਤ ਸਿੰਘ ਉਰਫ ਲੱਖਾ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਕੋਠੇ ਗੱਜਨ ਸਿੰਘ ਵਾਲਾ ਦੀ ਬਾਜ਼ੀਗਰ ਬਸਤੀ ਦੇ ਪੰਜ ਵਿਅਕਤੀਆਂ ਗੁਰਮੀਤ ਸਿੰਘ ਟਿੱਕੀ, ਗਗਨ ਸਿੰਘ, ਭੋਲਾ ਸਿੰਘ, ਗੁਰਮੇਲ ਸਿੰਘ ਅਤੇ ਬਿੰਦੇ ਸਿੰਘ ਨੂੰ ਉਸ ਨੇ ਆਪਣੀ 8 ਕਿੱਲੇ ਜ਼ਮੀਨ 'ਤੇ ਝੋਨਾ ਲਾਉਣ ਲਈ 16 ਹਜ਼ਾਰ ਰੁਪਏ  ਦਾ ਠੇਕਾ ਦਿੱਤਾ ਸੀ। ਸਾਰੇ ਪੈਸੇ ਦੇਣ ਦੇ ਬਾਵਜੂਦ ਟਿੱਕੀ ਨੇ ਉਸ ਨੂੰ ਆਪਣੇ ਘਰ ਬੁਲਾਇਆ। ਜਦੋਂ ਉਹ ਆਪਣੇ ਭਰਾ ਗੁਰਪਿਆਰ ਨਾਲ ਉਸ ਦੇ ਘਰ ਪਹੁੰਚਿਆ ਤਾਂ ਟਿੱਕੀ ਨੇ ਪੈਸਿਆਂ ਦਾ ਫਰਕ ਪੈਣ ਨਾਲ ਲੜਾਈ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਸੱਜੇ ਹੱਥ 'ਤੇ ਨਲਕੇ ਦੀ ਹੱਥੀ ਮਾਰੀ। ਗੁਰਪਿਆਰ ਸਿੰਘ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਕੋਟਭਾਈ ਥਾਣੇ ਦੀ ਪੁਲਸ ਉਕਤ ਘਟਨਾ ਦੀ ਜਾਂਚ ਕਰ ਰਹੀ ਹੈ।