ਚੋਰਾਂ ਨੇ ਦੁਕਾਨ ''ਚ ਲਾਈ ਸੰਨ੍ਹ

01/05/2018 7:29:36 AM

ਵੈਰੋਵਾਲ/ਖਡੂਰ ਸਾਹਿਬ,   (ਗਿੱਲ)-  ਬੀਤੀ ਦੇਰ ਰਾਤ ਬੱਸ ਅੱਡਾ ਖਡੂਰ ਸਾਹਿਬ ਦੇ ਸਾਹਮਣੇ ਸਾਬਾ ਮੋਟਰਸਾਈਕਲ ਰਿਪੇਅਰ ਦੀ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਸਰਬਜੀਤ ਸਿੰਘ ਸਾਬਾ ਅਤੇ ਸਤਨਾਮ ਸਿੰਘ ਸੱਤ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ ਤਰਨਤਾਰਨ ਵਿਖੇ ਹੈ ਅਤੇ ਉਹ ਰੋਜ਼ ਦੀ ਤਰ੍ਹਾਂ ਦੁਕਾਨ ਬੰਦ ਕਰ ਕੇ ਆਪਣੇ ਘਰ ਚਲੇ ਗਏ। ਅਗਲੀ ਸਵੇਰ ਉਨ੍ਹਾਂ ਨੂੰ ਨੇੜਲੇ ਦੁਕਾਨਦਾਰ ਵੱਲੋਂ ਫੋਨ ਕਰ ਕੇ ਦੱਸਿਆ ਗਿਆ ਕਿ ਉਨ੍ਹਾਂ ਦੀ ਦੁਕਾਨ ਦੀ ਕੰਧ ਪਿਛਲੇ ਪਾਸਿਓਂ ਪਾੜੀ ਗਈ ਹੈ। ਉਨ੍ਹਾਂ ਜਦੋਂ ਆ ਕੇ ਦੇਖਿਆ ਤਾਂ ਚੋਰਾਂ ਨੇ ਦੁਕਾਨ 'ਚੋਂ 5 ਹਜ਼ਾਰ ਨਕਦੀ, 10 ਮੋਟਰਸਾਈਕਲਾਂ ਦੀਆਂ ਬੈਟਰੀਆਂ, ਇਕ ਵੈਲਡਿੰਗ ਸੈੱਟ ਦੀ ਕੇਬਲ ਅਤੇ ਹੋਰ ਕੁੱਝ ਸਾਮਾਨ ਚੋਰੀ ਕਰ ਲਿਆ ਸੀ, ਜਿਸਦੇ ਸਬੰਧ 'ਚ ਉਨ੍ਹਾਂ ਨੇ ਪੁਲਸ ਚੌਕੀ ਖਡੂਰ ਸਾਹਿਬ ਵਿਖੇ ਇਤਲਾਹ ਦੇ ਦਿੱਤੀ ਹੈ। ਚੌਕੀ ਇੰਚਾਰਜ ਅਮਰਜੀਤ ਸਿੰਘ ਨੇ ਤੁਰੰਤ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।