ਚੋਰਾਂ ਨੇ ਇਕੋ ਰਾਤ 2 ਦੁਕਾਨਾਂ ਅਤੇ ਰੇਹੜੀ ''ਤੇ ਕੀਤਾ ਹੱਥ ਸਾਫ

01/24/2018 4:47:16 AM

ਮਾਲੇਰਕੋਟਲਾ, (ਜ਼ਹੂਰ, ਸ਼ਹਾਬੂਦੀਨ)— ਲੰਘੀ ਰਾਤ ਚੋਰਾਂ ਨੇ ਗਰੇਵਾਲ ਚੌਕ ਨੇੜੇ ਸਥਿਤ ਹਜ਼ਰਤ ਹਲੀਮਾ ਹਸਪਤਾਲ ਨਜ਼ਦੀਕ 2 ਦੁਕਾਨਾਂ ਅਤੇ ਇਕ ਸਬਜ਼ੀ ਵਾਲੀ ਰੇਹੜੀ 'ਤੇ ਹੱਥ ਸਾਫ ਕਰ ਦਿੱਤਾ। ਪੁਲਸ ਨੇ ਮੌਕੇ 'ਤੇ ਪੁੱਜ ਕੇ ਚੋਰੀ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  ਰੋਕੀ ਮੈਡੀਕਲ ਸਟੋਰ ਦੇ ਮਾਲਕ ਇਸਰਾਰ ਖਾਂ ਅਤੇ ਪੋਲੋ ਲੈਬਾਰਟਰੀ ਮਾਲਕ ਮੁਹੰਮਦ ਫਿਰੋਜ਼ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਉਹ ਆਪਣੀਆਂ ਦੁਕਾਨਾਂ ਬੰਦ ਕਰ ਕੇ ਗਏ ਸਨ। ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨਾਂ 'ਚੋਂ ਸਾਮਾਨ ਅਤੇ ਨਕਦੀ ਗਾਇਬ ਸੀ। ਮੈਡੀਕਲ ਸਟੋਰ ਦੇ ਮਾਲਕ ਇਸਰਾਰ ਖਾਂ ਅਨੁਸਾਰ ਚੋਰਾਂ ਨੇ ਉਸ ਦੀ ਦੁਕਾਨ ਵਿਚ ਲੱਗੀ ਗਰਿੱਲ ਨੂੰ ਪੁੱਟ ਕੇ ਦੁਕਾਨ ਅੰਦਰ ਗੱਲੇ ਵਿਚ ਪਏ 13 ਹਜ਼ਾਰ ਰੁਪਏ ਚੋਰੀ ਕਰ ਲਏ। ਲੈਬਾਰਟਰੀ ਮਾਲਕ ਮੁਹੰਮਦ ਫਿਰੋਜ਼ ਅਨੁਸਾਰ ਉਸ ਦੀ ਦੁਕਾਨ 'ਚੋਂ ਚੋਰਾਂ ਨੇ ਲੈਪਟਾਪ, ਐੱਲ. ਸੀ. ਡੀ. ਅਤੇ 7 ਹਜ਼ਾਰ ਰੁਪਏ ਚੋਰੀ ਕਰ ਲਏ ।
ਓਧਰ, ਮੁਹੰਮਦ ਹਬੀਬ ਨੇ ਦੱਸਿਆ ਕਿ ਉਸ ਦੀ ਸਬਜ਼ੀ ਵਾਲੀ ਰੇਹੜੀ, ਜੋ ਕਿ ਕਰੀਬ 10 ਹਜ਼ਾਰ ਦੀ ਸੀ, ਵੀ ਚੋਰੀ ਹੋ ਗਈ ਹੈ । 
ਸੀ. ਸੀ. ਟੀ. ਵੀ. 'ਚ ਦੇਰ ਰਾਤ ਘੁੰਮਦੀ ਦਿਸੀ ਕਾਰ
ਮੁਸਲਿਮ ਸਿੱਖ ਫਰੰਟ ਦੇ ਆਗੂ ਮੁਹੰਮਦ ਵਸੀਮ ਸ਼ੇਖ ਨੇ ਕਿਹਾ ਕਿ ਇਸ ਰੋਡ ਉਪਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖਣ 'ਤੇ ਰਾਤ ਨੂੰ ਦੋ-ਢਾਈ ਵਜੇ ਦੇ ਕਰੀਬ ਇਕ ਸਵਿਫਟ ਕਾਰ, ਜਿਸ ਦੀ ਨੰਬਰ ਪਲੇਟ 'ਤੇ ਮਿੱਟੀ ਲਾਈ ਹੋਈ ਸੀ, ਘੁੰਮਦੀ ਨਜ਼ਰ ਆਈ । ਸ਼ੱਕ ਹੈ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਉਕਤ ਕਾਰ ਸਵਾਰ ਹੀ ਅੰਜਾਮ ਦਿੰਦੇ ਹੋਣਗੇ।
ਵਾਰਦਾਤਾਂ ਦੀ ਜਾਂਚ ਲਈ ਟੀਮ ਗਠਿਤ 
ਐੱਸ. ਐੱਚ. ਓ. ਹਰਜਿੰਦਰ ਪਾਲ ਸਿੰਘ ਨੇ ਕਿਹਾ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਫੜਨ ਲਈ ਪੁਲਸ ਟੀਮ ਬਣਾਈ ਗਈ ਹੈ, ਜੋ ਕਿ ਜਾਂਚ ਕਰ ਰਹੀ ਹੈ।